ਦਲਜੀਤ ਦੀ ਪੋਸਟਮਾਰਟਮ ਰਿਪੋਰਟ ’ਚ ‘ਨਸ਼ੇ ਦੀ ਓਵਰਡੋਜ਼’ ਨਾਲ ਮੌਤ ਦੀ ਪੁਸ਼ਟੀ: ਹਰਸਿਮਰਤ ਬਾਦਲ

ਦਲਜੀਤ ਦੀ ਪੋਸਟਮਾਰਟਮ ਰਿਪੋਰਟ ’ਚ ‘ਨਸ਼ੇ ਦੀ ਓਵਰਡੋਜ਼’ ਨਾਲ ਮੌਤ ਦੀ ਪੁਸ਼ਟੀ: ਹਰਸਿਮਰਤ ਬਾਦਲ

ਮਾਨਸਾ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਦਾਅਵਾ ਕੀਤਾ ਹੈ ਕਿ ਪਿੰਡ ਭੰਮੇ ਕਲਾਂ ਦੇ ਮ੍ਰਿਤਕ ਕਿਸਾਨ ਦਲਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ (ਵੱਧ ਮਾਤਰਾ) ਕਾਰਨ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਅਸਲ ਪੋਸਟਮਾਰਟਮ ਰਿਪੋਰਟ ਬਿਨਾਂ ਕਿਸੇ ਦੇਰੀ ਦੇ ਤੁਰੰਤ ਲੋਕਾਂ ਸਾਹਮਣੇ ਨਸ਼ਰ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਜ਼ਿਕਰਯੋਗ ਹੈ ਕਿ 32 ਸਾਲਾ ਗ਼ਰੀਬ ਕਿਸਾਨ ਦਲਜੀਤ ਸਿੰਘ ਮੰਗਲਵਾਰ ਨੂੰ ਪਿੰਡ ਦੇ ਬਾਹਰਵਾਰ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਮਿਲਿਆ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਜਾਣ ਦੇ ਦੋਸ਼ ਲਾਏ ਜਾ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਨਸ਼ਿਆਂ ਕਾਰਨ ਹੋਈ ਇਸ ਮੌਤ ਦੇ ਅਸਲ ਤੱਥਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਵੱਲੋਂ ਨਸ਼ੇ ਦੇ ਦੋਸ਼ ਲਾਉਣ ਦੇ ਬਾਵਜੂਦ ਪੁਲੀਸ ਮਾਮਲੇ ਦਾ ਰੁਖ਼ ਮੋੜ ਕੇ ਇਸ ਨੂੰ ਜਾਣਬੁੱਝ ਕੇ ਕਤਲ ਦੀ ਜਾਂਚ ਦਾ ਰੂਪ ਦੇ ਰਹੀ ਹੈ। ਅਕਾਲੀ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਸੂਬੇ ਅੰਦਰ ਪੁਲੀਸ ਅਧਿਕਾਰੀਆਂ, ਨਸ਼ਾ ਤਸਕਰਾਂ, ਸਿਆਸਤਦਾਨਾਂ ਅਤੇ ਸਿਵਲ ਪ੍ਰਸ਼ਾਸਨ ਦਰਮਿਆਨ ਇੱਕ ਮਜ਼ਬੂਤ ਗੱਠਜੋੜ ਬਣ ਚੁੱਕਾ ਹੈ, ਜਿਸ ਕਾਰਨ ਪ੍ਰਭਾਵਸ਼ਾਲੀ ਲੋਕਾਂ ਅਤੇ ਵੱਡੇ ਤਸਕਰਾਂ ਨੂੰ ਸਰਕਾਰੀ ਸ਼ਹਿ ’ਤੇ ਬਚਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਦਲਜੀਤ ਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਦੱਸਣਯੋਗ ਹੈ ਕਿ ਦਲਜੀਤ ਸਿੰਘ ਦਾ ਪੋਸਟਮਾਰਟਮ ਬੁੱਧਵਾਰ ਨੂੰ ਉਸ ਦੇ ਪਿਤਾ ਜਰਨੈਲ ਸਿੰਘ ਦੀ ਸਹਿਮਤੀ ਨਾਲ ਏਮਜ਼ ਬਠਿੰਡਾ ਵਿਖੇ ਕਰਵਾਇਆ ਗਿਆ ਸੀ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਜਰਨੈਲ ਸਿੰਘ ਨੇ ਸ਼ੱਕ ਜਤਾਇਆ ਸੀ ਕਿ ਗੁਆਂਢੀ ਪਿੰਡ ਰਾਮਾਨੰਦੀ ਦੇ ਰਹਿਣ ਵਾਲੇ ਮਨਦੀਪ, ਗੁਰਵਿੰਦਰ ਅਤੇ ਇੱਕ ਹੋਰ ਮਨਦੀਪ ਨੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋਈ। ਉਨ੍ਹਾਂ ਪੁਰਾਣੀ ਰੰਜਿਸ਼ ਦਾ ਹਵਾਲਾ ਦਿੰਦਿਆਂ ਉਕਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ।

ਦੂਜੇ ਪਾਸੇ, ਦਲਜੀਤ ਦੀ ਮਾਤਾ, ਪਤਨੀ ਅਤੇ ਭੈਣ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹਨ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਹੈ ਕਿ ਜਦੋਂ ਤੱਕ ਦਲਜੀਤ ਦੀ ਮ੍ਰਿਤਕ ਦੇਹ ਮਾਨਸਾ ਲਿਜਾਂਦੇ ਸਮੇਂ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ’ਤੇ ਦਰਜ ਕੇਸ ਰੱਦ ਨਹੀਂ ਹੁੰਦੇ ਅਤੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਹਾਲਾਂਕਿ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਪਰਿਵਾਰ ਨੂੰ ਪਿੰਡ ਪਰਤ ਕੇ ਅੰਤਿਮ ਸਸਕਾਰ ਕਰਨ ਦੀ ਅਪੀਲ ਕੀਤੀ ਹੈ, ਪਰ ਫ਼ਿਲਹਾਲ ਮ੍ਰਿਤਕ ਦੇਹ ਏਮਜ਼ ਬਠਿੰਡਾ ਵਿਖੇ ਹੀ ਰੱਖੀ ਹੋਈ ਹੈ।

Share: