ਜਲੰਧਰ (ਮਨੀਸ਼ ਰਿਹਾਨ) : ਭਾਰਤ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਪਿੰਨੀ ਦੀਆਂ ਮਾਸਪੇਸ਼ੀਆਂ (ਕਾਫ਼ ਮਸਲ-ਪਿੰਡਲੀ) ਵਿੱਚ ਸੱਟ ਲੱਗਣ ਕਾਰਨ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਨਹੀਂ ਖੇਡ ਸਕਣਗੇ। ਉਨ੍ਹਾਂ ਦੇ ਬਾਹਰ ਹੋਣ ਨਾਲ ਉਨ੍ਹਾਂ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ, ਜੋ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਇਤਿਹਾਸਕ ਅੱਠਵੀਂ ਹਾਜ਼ਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਅੱਠ ਐਡੀਸ਼ਨਾਂ ਵਿੱਚ ਖੇਡਣ ਵਾਲੇ ਏਸ਼ੀਆ ਦੇ ਪਹਿਲੇ ਖਿਡਾਰੀ ਬਣਨ ਦਾ ਨਵਾਂ ਰਿਕਾਰਡ ਬਣਾਉਣ ਦੇ ਬਿਲਕੁਲ ਨੇੜੇ ਸਨ। ਇਹ ਟੂਰਨਾਮੈਂਟ ਹੁਣ ਆਪਣੇ ਨੌਵੇਂ ਐਡੀਸ਼ਨ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਸ ਹੋਣਹਾਰ ਮਿਡਫੀਲਡਰ ਲਈ ਇਹ ਟੂਰਨਾਮੈਂਟ ਇਸ ਲਈ ਵੀ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਉਨ੍ਹਾਂ ਨੇ ਸਾਲ 2011 ਵਿੱਚ ਚੀਨ ਵਿੱਚ ਹੋਏ ਇਸ ਦੇ ਪਹਿਲੇ ਐਡੀਸ਼ਨ ਤੋਂ ਹੀ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।ਮਨਪ੍ਰੀਤ ਨੇ ਟੂਰਨਾਮੈਂਟ ਤੋਂ ਬਾਹਰ ਹੋਣ ‘ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿੱਚ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਦਾ ਇੱਕ ਸੁਨਹਿਰੀ ਮੌਕਾ ਸੀ।
ਉਨ੍ਹਾਂ ਕਿਹਾ, “ਇਹ ਬਹੁਤ ਵੱਡੀ ਨਿਰਾਸ਼ਾ ਵਾਲੀ ਗੱਲ ਹੈ। ਮੇਰੇ ਲਈ ਆਪਣੇ ਘਰੇਲੂ ਮੈਦਾਨ ‘ਤੇ ਖੇਡਣ ਦਾ ਇਹ ਇੱਕ ਵੱਡਾ ਮੌਕਾ ਸੀ, ਪਰ ਹੁਣ ਮੈਂ ਨਹੀਂ ਖੇਡ ਸਕਾਂਗਾ। ਇਹ ਉਹੀ ਥਾਂ ਹੈ ਜਿੱਥੇ ਮੈਂ ਹਾਕੀ ਖੇਡਣਾ ਸ਼ੁਰੂ ਕੀਤਾ ਸੀ, ਇਸ ਲਈ ਮੈਂ ਬਹੁਤ ਉਤਸ਼ਾਹਿਤ ਸੀ। ਮੈਨੂੰ ਨਹੀਂ ਪਤਾ ਕਿ ਅਜਿਹਾ ਮੌਕਾ ਮੈਨੂੰ ਦੁਬਾਰਾ ਕਦੋਂ ਮਿਲੇਗਾ।”
ਇਸ ਦੇ ਨਾਲ ਹੀ ਮਨਪ੍ਰੀਤ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੋਰ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, “ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਸੂਬੇ ਵਿੱਚ ਮੁੜ ਤੋਂ ਕੌਮਾਂਤਰੀ ਟੂਰਨਾਮੈਂਟ ਕਰਵਾਏ ਜਾਣ ਤਾਂ ਜੋ ਮੈਨੂੰ ਵੀ ਇੱਥੇ ਆਪਣੇ ਲੋਕਾਂ ਦੇ ਸਾਹਮਣੇ ਖੇਡਣ ਦਾ ਮੌਕਾ ਮਿਲ ਸਕੇ।”

