Punjab Stubble Burning: ਪੰਜਾਬ ’ਚ ਪਰਾਲੀ ਸਾੜਨ ਦੇ ਕੇਸ ਮੁੜ ਵਧੇ

Punjab Stubble Burning: ਪੰਜਾਬ ’ਚ ਪਰਾਲੀ ਸਾੜਨ ਦੇ ਕੇਸ ਮੁੜ ਵਧੇ

ਚੰਡੀਗਡ਼੍ਹ : ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਪੰਜਾਬ ’ਚ ਸਖ਼ਤੀ ਦੇ ਬਾਵਜੂਦ ਇਸ ਵਾਰ ਝੋਨੇ ਦੀ ਪਰਾਲੀ ਸਾੜਨ ਦਾ ਰੁਝਾਨ ਮੁੜ ਵਧਿਆ ਹੈ। ਹਾਲਾਂਕਿ ਪੰਜਾਬ ’ਚ ਪਰਾਲੀ ਸਾੜਨ ਦੇ ਕੇਸਾਂ ’ਚ ਲੰਘੇ ਛੇ ਵਰ੍ਹਿਆਂ ਤੋਂ ਲਗਾਤਾਰ ਕਟੌਤੀ ਹੋ ਰਹੀ ਸੀ। ਪਿਛਲੇ ਵਰ੍ਹੇ ਪੰਜਾਬ ’ਚ 24 ਅਕਤੂਬਰ ਤੱਕ ਪਰਾਲੀ ਸਾੜਨ ਦੇ 561 ਕੇਸ ਸਾਹਮਣੇ ਆਏ ਸਨ; ਐਤਕੀਂ ਇਹ ਅੰਕੜਾ 574 ਕੇਸਾਂ ਦਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਤਰਨ ਤਾਰਨ ਜ਼ਿਲ੍ਹਾ ਇਸ ਵੇਲੇ ਸਿਖਰ ’ਤੇ ਹੈ ਜਿੱਥੇ ਪਿਛਲੇ ਸਾਲ ਇਸ ਸਮੇਂ ਤੱਕ 175 ਕੇਸ ਰਿਪੋਰਟ ਹੋਏ ਸਨ ਪਰ ਇਸ ਵੇਲੇ 270 ਕੇਸ ਸਾਹਮਣੇ ਆ ਚੁੱਕੇ ਹਨ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰਾਂ ਤੇ ਹੋਰਨਾਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਹੈ।

ਕਮਿਸ਼ਨ ਨੇ ਤਰਨ ਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਾਰਵਾਈ ਲਈ ਕਿਹਾ ਹੈ। ਉੱਤਰੀ ਭਾਰਤ ’ਚ ਪਰਾਲੀ ਸਾੜਨ ਦੇ ਹੁਣ ਤੱਕ 1,823 ਕੇਸ ਰਿਪੋਰਟ ਹੋਏ ਹਨ ਜਿਨ੍ਹਾਂ ’ਚੋਂ ਸਭ ਤੋਂ ਵੱਧ 574 ਕੇਸ ਪੰਜਾਬ ’ਚ ਰਿਪੋਰਟ ਹੋਏ ਹਨ। ਹਰਿਆਣਾ ’ਚ ਸਿਰਫ਼ 18 ਕੇਸ ਹੀ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਹਰਿਆਣਾ ’ਚ ਇਸ ਸਮੇਂ ਤੱਕ 61 ਕੇਸ ਰਿਪੋਰਟ ਹੋਏ ਸਨ। ਮੱਧ ਪ੍ਰਦੇਸ਼ (439 ਕੇਸ) ਦਾ ਦੂਜਾ ਨੰਬਰ ਹੈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ’ਚ ਹੁਣ ਤੱਕ 144, ਗੁਰਦਾਸਪੁਰ ’ਚ 37, ਫ਼ਿਰੋਜ਼ਪੁਰ ’ਚ 26 ਅਤੇ ਲੁਧਿਆਣਾ ’ਚ 27 ਕੇਸ ਰਿਪੋਰਟ ਹੋਏ ਹਨ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਮੀਨੀ ਪੱਧਰ ’ਤੇ ਨਜ਼ਰ ਰੱਖਣ ਲਈ ਉਡਣ ਦਸਤੇ ਤਾਇਨਾਤ ਕੀਤੇ ਹੋਏ ਹਨ। ਪੰਜਾਬ ਸਰਕਾਰ ਨੇ ਵੀ ਸਟਾਫ਼ ਤਾਇਨਾਤ ਕੀਤਾ ਹੋਇਆ ਹੈ। ਹੁਣ ਤੱਕ ਪੰਜਾਬ ’ਚ 113 ਪੁਲੀਸ ਕੇਸ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ 23 ਕੇਸ ਇਕੱਲੇ ਤਰਨ ਤਾਰਨ ’ਚ ਦਰਜ ਹੋਏ ਹਨ। ਇਸੇ ਤਰ੍ਹਾਂ ਮਾਲ ਰਿਕਾਰਡ ’ਚ 205 ਰੈੱਡ ਐਂਟਰੀਆਂ ਪਾਈਆਂ ਗਈਆਂ ਹਨ ਜਿਨ੍ਹਾਂ ’ਚ 113 ਰੈੱਡ ਐਂਟਰੀਆਂ ਇਕੱਲੇ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨਾਂ ਦੇ ਮਾਲ ਰਿਕਾਰਡ ’ਚ ਹਨ। ਪੰਜਾਬ ਸਰਕਾਰ ਹੁਣ ਤੱਕ 11.4 ਲੱਖ ਦਾ ਜੁਰਮਾਨਾ ਕਿਸਾਨਾਂ ਨੂੰ ਲਾ ਚੁੱਕੀ ਹੈ।
Share: