ਤਲਵਾੜਾ : ਹਾਈ ਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਵੱਲੋਂ ਨਾਜਾਇਜ਼ ਖਣਨ ਸਬੰਧੀ ਜਾਂਚ ਸ਼ੁਰੂ ਕਰਨ ਦੇ ਬਾਵਜੂਦ ਮੁਕੇਰੀਆਂ ਹਾਈਡਲ ਚੈਨਲ ਦੀਆਂ ਪਟੜੀਆਂ ਅਤੇ ਪੁਲਾਂ ਤੋਂ ਖਣਨ ਵਾਲੇ ਭਾਰੀ ਵਾਹਨਾਂ ਦਾ ਲਾਂਘਾ ਬਰਕਰਾਰ ਹੈ। ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਉਲਾਹਾ ਨੇ ਦਾਅਵਾ ਕੀਤਾ ਕਿ ਹਾਈਡਲ ਚੈਨਲ ਰਾਹੀਂ ਕਰੱਸ਼ਰਾਂ ਨੂੰ ਜਾਣ ਵਾਲਾ ਲਾਂਘਾ ਬੰਦ ਕਰਨ ਦੇ ਬਾਵਜੂਦ ਰਾਤ ਨੂੰ ਕਰੱਸ਼ਰਾਂ ਦੇ ਟਿੱਪਰ ਆਮ ਵਾਂਗ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਐੱਸ ਡੀ ਐੱਮ ਮੁਕੇਰੀਆਂਂ ਨੇ ਇਸ ਨਹਿਰ ਦਾ ਦੌਰਾ ਕਰ ਕੇ ਪੁਲੀਸ ਨੂੰ ਪੱਕਾ ਨਾਕਾ ਲਾਉਣ ਦੀਆਂ ਹਦਾਇਤਾਂ ਕੀਤੀਆਂ ਸਨ, ਪਰ ਇੱਥੇ ਨਾਕਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਮੁਕੇਰੀਆਂਂ ਹਾਈਡਲ ਚੈਨਲ ਰਾਹੀਂ ਚੱਲਦੇ 5 ਪਾਵਰ ਹਾਊਸ ਦੇ ਜ਼ਰੀਏ ਕਰੀਬ 225 ਮੈਗਾਵਾਟ ਬਿਜਲੀ ਉਤਪਾਦਨ ਨਾਲ ਸਰਕਾਰ ਨੂੰ ਅੰਦਾਜ਼ਨ ਪੌਣੇ ਤਿੰਨ ਕਰੋੜ ਰੁਪਏ ਦੀ ਰੋਜ਼ਾਨਾ ਆਮਦਨ ਹੁੰਦੀ ਹੈ। ਜੇਕਰ ਭਾਰੀ ਵਾਹਨਾਂ ਕਾਰਨ ਹਾਈਡਲ ਨਹਿਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਅਮਰਜੀਤ ਸਿੰਘ ਢਾਡੇਕਟਵਾਲ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਉਲਾਹਾ ਨੇ ਕਿਹਾ ਕਿ ਹਾਜੀਪੁਰ ਤੇ ਤਲਵਾੜਾ ਖੇਤਰ ਵਿੱਚ ਹਿਮਾਚਲ ਤੋਂ ਭਾਰੀ ਗੱਡੀਆਂ ਲਈ ਪੰਜਾਬ ਨੂੰ ਕੋਈ ਅਧਿਕਾਰਤ ਲਾਂਘਾ ਨਹੀਂ ਹੈ। ਦੋਹਾਂ ਰਾਜਾਂ ਦਰਮਿਆਨ ਬਿਆਸ ਦਰਿਆ ਵੱਗਦਾ ਹੋਣ ਕਾਰਨ ਹਿਮਾਚਲ ਦੇ ਕਰੱਸ਼ਰਾਂ ਤੋਂ ਰੇਤਾ ਬਜਰੀ ਲੈ ਕੇ ਆਉਂਦੀਆਂ ਗੱਡੀਆਂ ਬਿਆਸ ਦਰਿਆ ਰਾਹੀਂ ਬਣਾਏ ਅਣਅਧਿਕਾਰਤ ਰਸਤੇ ਰਾਹੀਂ ਲੰਘ ਕੇ ਮੁਕੇਰੀਆਂ ਹਾਈਡਲ ਚੈਨਲ ਦੀਆਂ ਪਟੜੀਆਂ ਰਾਹੀਂ ਪੁਲਾਂ ਨੂੰ ਪਾਰ ਕਰ ਕੇ ਪੰਜਾਬ ਵਿੱਚ ਦਾਖਲ ਹੁੰਦੀਆਂ ਹਨ। ਆਗੂਆਂ ਨੇ ਦੱਸਿਆ ਕਿ ਅੱਜ ਮੁਕੇਰੀਆਂਂ ਹਾਈਡਲ ਨਹਿਰ ਦੀ ਆਰਡੀ-8880 ਪੁਲ ਕੋਲ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆ ਰਿਹਾ ਇੱਕ ਓਵਰਲੋਡ ਟਿੱਪਰ ਪਲਟ ਗਿਆ। ਇਸ ਘਟਨਾ ਨੇ ਰਾਤ ਸਮੇਂ ਭਾਰੀ ਵਾਹਨਾਂ ਦੀ ਆਵਾਜਾਈ, ਪ੍ਰਸ਼ਾਸਨਿਕ ਨਿਗਰਾਨੀ ਅਤੇ ਨਹਿਰੀ ਢਾਂਚੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
Posted inHoshiarpur
Punjab Mining row: ਸੀ ਬੀ ਆਈ ਜਾਂਚ ਦੇ ਬਾਵਜੂਦ ਹਾਈਡਲ ਨਹਿਰ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਨਾ ਰੁਕੀ

