Punjab railway line blast: ਰੇਲਵੇ ਲਾਈਨ ਧਮਾਕਾ ਮਾਮਲੇ ’ਚ ਐੱਨਆਈਏ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

Punjab railway line blast: ਰੇਲਵੇ ਲਾਈਨ ਧਮਾਕਾ ਮਾਮਲੇ ’ਚ ਐੱਨਆਈਏ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸ਼ਨਿੱਚਵਾਰ ਨੂੰ ਪੰਜਾਬ ਦੇ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ’ਤੇ 27 ਅਪਰੈਲ ਨੂੰ ਹੋਏ ਧਮਾਕੇ ਦੇ ਮਾਮਲੇ ਵਿੱਚ ਛੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਧਮਾਕੇ ਦੌਰਾਨ ਧਮਾਕਾਖੇਜ਼ ਸਮੱਗਰੀ ਜੋੜਦੇ ਸਮੇਂ ਖਾਲਿਸਤਾਨੀ ਆਪਰੇਟਿਵ ਜਗਰੂਪ ਸਿੰਘ ਦੀ ਮੌਤ ਹੋ ਗਈ ਸੀ। ਏਜੰਸੀ ਵੱਲੋਂ ਮੁਹਾਲੀ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ, ਪ੍ਰਦੀਪ ਸਿੰਘ ਉਰਫ਼ ਖਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਮਨਜੀਤ ਸਿੰਘ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਮੁਲਜ਼ਮਾਂ ’ਤੇ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ), ਅਸਲਾ ਐਕਟ, ਧਮਾਕਾਖੇਜ਼ ਸਮੱਗਰੀ ਐਕਟ, ਰੇਲਵੇ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਨਆਈਏ ਮੁਤਾਬਕ, ਇਹ ਮੁਲਜ਼ਮ 27 ਅਪਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ‘ਡੇਡੀਕੇਟਿਡ ਫਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ’ (ਡੀਐੱਫਸੀਸੀਆਈਐੱਲ) ਦੀ ਰੇਲਵੇ ਲਾਈਨ ’ਤੇ ਧਮਾਕਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਏਜੰਸੀ ਨੇ ਦੱਸਿਆ ਕਿ ਇਸ ਸਾਜ਼ਿਸ਼ ਦਾ ਮਕਸਦ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ (ਕੇਜ਼ੈੱਡਐੱਫ) ਦੀਆਂ ਅਤਿਵਾਦੀ ਗਤੀਵਿਧੀਆਂ ਨੂੰ ਬੜ੍ਹਾਵਾ ਦੇਣਾ, ਭਾਈਚਾਰਕ ਸਾਂਝ ਨੂੰ ਵਿਗਾੜਨਾ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਅਸਥਿਰ ਕਰਨਾ ਸੀ।

ਜਾਂਚ ਦੌਰਾਨ ਐੱਨਆਈਏ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਮ੍ਰਿਤਕ ਜਗਰੂਪ ਸਿੰਘ ਨਾਲ ਮਿਲ ਕੇ ਪਾਕਿਸਤਾਨ ਵਿੱਚ ਬੈਠੇ ਰਣਜੀਤ ਸਿੰਘ ਉਰਫ਼ ਨੀਤਾ ਵੱਲੋਂ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸਨ। ਰਣਜੀਤ ਸਿੰਘ ਨੀਤਾ ਕੇਜ਼ੈੱਡਐੱਫ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਨਾਮਜ਼ਦ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ। ਏਜੰਸੀ ਨੇ ਦੱਸਿਆ ਕਿ ਇਸ ਸਾਜ਼ਿਸ਼ ਦਾ ਉਦੇਸ਼ ਖਾਲਿਸਤਾਨੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਅਤੇ ਅਤਿਵਾਦੀ ਜਥੇਬੰਦੀ ਦੇ ਮਨਸੂਬਿਆਂ ਨੂੰ ਅੱਗੇ ਵਧਾਉਣਾ ਸੀ।

ਐੱਨਆਈਏ ਨੇ ਅੱਗੇ ਦੱਸਿਆ ਕਿ ਇਹ ਅਤਿਵਾਦੀ ਸਿੰਡੀਕੇਟ ਅਤਿਵਾਦੀ ਗਤੀਵਿਧੀਆਂ ਲਈ ਫੰਡ ਇਕੱਠੇ ਕਰਨ, ਧਮਾਕਾਖੇਜ਼ ਸਮੱਗਰੀ, ਹਥਿਆਰ ਤੇ ਅਸਲਾ ਹਾਸਲ ਕਰਨ, ਜਨਤਾ ਵਿੱਚ ਦਹਿਸ਼ਤ ਪੈਦਾ ਕਰਨ ਅਤੇ ਦੇਸ਼ ਦੀ ਅਖੰਡਤਾ, ਸੁਰੱਖਿਆ ਤੇ ਸੰਪ੍ਰਭੁਤਾ ਨੂੰ ਖਤਰੇ ਵਿੱਚ ਪਾਉਣ ਵਿੱਚ ਸ਼ਾਮਲ ਸੀ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।

Share: