‘ਅਸ਼ਵਨੀ ਚੰਗਾ ਬੰਦਾ ਨਹੀਂ, ਮੈਨੂੰ ਪਤਾ ਸੀ’: ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਦੋਸ਼ਾਂ ‘ਤੇ ਬੋਲੇ ‘ਆਪ’ ਵਿਧਾਇਕ ਵਿਜੇ ਸਿੰਗਲਾ

‘ਅਸ਼ਵਨੀ ਚੰਗਾ ਬੰਦਾ ਨਹੀਂ, ਮੈਨੂੰ ਪਤਾ ਸੀ’: ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਦੋਸ਼ਾਂ ‘ਤੇ ਬੋਲੇ ‘ਆਪ’ ਵਿਧਾਇਕ ਵਿਜੇ ਸਿੰਗਲਾ

ਮਾਨਸਾ : ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਨੇ ਨਸ਼ਾ ਵਿਰੋਧੀ ਕਾਰਕੂਨ ਪਰਵਿੰਦਰ ਸਿੰਘ ਝੋਟਾ ਦੇ ਕਤਲ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਉਹ (ਅਸ਼ਵਨੀ) ਚੰਗਾ ਬੰਦਾ ਨਹੀਂ ਹੈ; ਮੈਨੂੰ ਇਸ ਬਾਰੇ ਪਤਾ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਮੁਲਜ਼ਮ ਨਾਲ ਫੋਨ ‘ਤੇ ਗੱਲ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਮੈਡੀਕਲ ਦੁਕਾਨ ਦਾ ਮਾਲਕ ਅਸ਼ਵਨੀ ਮੰਗਲਵਾਰ ਸਵੇਰੇ ਆਪਣੀ ਦੁਕਾਨ ‘ਤੇ ਗੋਲੀਬਾਰੀ ਕਰਕੇ ਝੋਟਾ ਦਾ ਕਤਲ ਕਰਨ ਦਾ ਮੁੱਖ ਮੁਲਜ਼ਮ ਹੈ। ਘਟਨਾ ਨੂੰ ਦਰਦਨਾਕ ਕਰਾਰ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਅਸ਼ਵਨੀ ਨੂੰ ਇਸ ਅਪਰਾਧ ਲਈ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਆਪਸ ‘ਚ ਨਾ ਲੜਨ। ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ, “ਉਹ (ਅਸ਼ਵਨੀ) ਕਦੇ ਸਾਡੇ ਕੋਲ ਨਹੀਂ ਆਇਆ, ਅਤੇ ਅਸੀਂ ਕਦੇ ਉਸ ਨੂੰ ਮੂੰਹ ਨਹੀਂ ਲਾਇਆ। ਮੈਂ ਕਿਸੇ ਨੂੰ ਵੀ ਇਹ ਦਿਖਾਉਣ ਦੀ ਚੁਣੌਤੀ ਦਿੰਦਾ ਹਾਂ ਕਿ ਕੀ ਪਿਛਲੇ ਪੰਜ ਸਾਲਾਂ ਵਿੱਚ ਮੇਰੀ ਉਸ ਨਾਲ ਕੋਈ ਮੀਟਿੰਗ ਜਾਂ ਗੱਲਬਾਤ ਹੋਈ ਸੀ।”

ਗੌਰਤਲਬ ਹੈ ਕਿ ਪ੍ਰਦਰਸ਼ਨਕਾਰੀ ਪਿਛਲੇ ਕੁਝ ਦਿਨਾਂ ਤੋਂ ਦੋਸ਼ ਲਗਾ ਰਹੇ ਹਨ ਕਿ ਅਸ਼ਵਨੀ ਨੂੰ ਵਿਧਾਇਕ ਦੀ ਸਰਪ੍ਰਸਤੀ ਹਾਸਲ ਸੀ।

ਇਸ ਤੋਂ ਇਲਾਵਾ, ਅਸ਼ਵਨੀ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਜੋੜਨ ਵਾਲੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਚੀਮਾ ਦਾ ਵੀ ਮੁਲਜ਼ਮ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਚੀਮਾ ਸ਼ਾਇਦ ਅਸ਼ਵਨੀ ਨੂੰ ਜਾਣਦੇ ਵੀ ਨਾ ਹੋਣ।

ਹਾਲਾਂਕਿ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵਾਰ-ਵਾਰ ਦੋਸ਼ ਲਗਾ ਰਹੇ ਹਨ, “ਅਸ਼ਵਨੀ ਹਰਪਾਲ ਚੀਮਾ ਦਾ ਕਰੀਬੀ ਰਿਸ਼ਤੇਦਾਰ ਹੈ।” ਸਿੰਗਲਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਮਾਮਲੇ ‘ਚ ਸਿਆਸੀ ਆਗੂਆਂ ਨੂੰ ਘਸੀਟ ਕੇ ਅਜੀਬੋ-ਗਰੀਬ ਬਿਆਨਬਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਜ਼ੋਰ ਦਿੱਤਾ ਕਿ ਧਿਆਨ ਝੋਟਾ ਲਈ ਇਨਸਾਫ਼ ਯਕੀਨੀ ਬਣਾਉਣ ‘ਤੇ ਹੀ ਰਹਿਣਾ ਚਾਹੀਦਾ ਹੈ।

ਉਨ੍ਹਾਂ ਦੁਹਰਾਇਆ ਕਿ ਕਾਰਕੂਨ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Share: