ਜਲੰਧਰ (ਮਨੀਸ਼ ਰਿਹਾਨ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਜੀਐਨਡੀਯੂ ਕਾਲਜ, ਲਾਡੋਵਾਲੀ ਰੋਡ ਦੇ ਵਿਦਿਆਰਥੀਆਂ ਨੇ ਜੀਸੀਏ ਜ਼ੋਨ ਯੂਥ ਫੈਸਟੀਵਲ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਕੁੱਲ 10 ਇਨਾਮ ਆਪਣੇ ਨਾਮ ਕੀਤੇ। ਇਸ ਦੌਰਾਨ ਬੀ.ਕਾਮ. ਦੇ ਵਿਦਿਆਰਥੀ ਸਤਿਅਮ ਵਰਮਾ ਨੂੰ ਇਕਾਂਗੀ ਵਿੱਚ ਬਿਹਤਰੀਨ ਅਦਾਕਾਰੀ ਲਈ ਬੈਸਟ ਐਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਕਾਲਜ ਦੀ ਓਐੱਸਡੀ ਪ੍ਰੋ. (ਡਾ.) ਨਵਜੋਤ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸਿਰਜਣਾਤਮਕ ਸੋਚ ਹੀ ਉਨ੍ਹਾਂ ਦੀ ਸਫਲਤਾ ਦਾ ਮੁੱਖ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ, ਸਾਹਿਤਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਅੰਗਰੇਜ਼ੀ ਡਿਬੇਟ ਅਤੇ ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ
ਯੂਥ ਫੈਸਟੀਵਲ ਦੌਰਾਨ ਕਾਲਜ ਨੇ ਅੰਗਰੇਜ਼ੀ ਵਾਦ-ਵਿਵਾਦ ਅਤੇ ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੰਗਰੇਜ਼ੀ ਡਿਬੇਟ ਵਿੱਚ ਨੀਰਜ ਕੁਮਾਰ ਅਤੇ ਅਨਾਇਆ ਨੰਦਾ ਨੇ ਪਹਿਲਾ ਇਨਾਮ ਜਿੱਤਿਆ, ਜਦਕਿ ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚ ਭੂਮਿਕਾ ਕਪੂਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।
ਚਾਰ ਮੁਕਾਬਲਿਆਂ ਵਿੱਚ ਦੂਜਾ ਸਥਾਨ
ਕਾਲਜ ਦੇ ਵਿਦਿਆਰਥੀਆਂ ਨੇ ਪੱਖੀ ਬੁਣਾਈ, ਕਾਸਟਿਊਮ ਪਰੇਡ, ਫੁਲਕਾਰੀ ਅਤੇ ਕਾਵਿ ਗੋਸ਼ਟੀ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪੱਖੀ ਬੁਣਾਈ ਵਿੱਚ ਅਰਮਾਨਤ ਕੌਰ, ਕਾਸਟਿਊਮ ਪਰੇਡ ਵਿੱਚ ਹਰਮਨਦੀਪ ਸਿੰਘ, ਫੁਲਕਾਰੀ ਵਿੱਚ ਤਰਨਜੀਤ ਕੌਰ ਅਤੇ ਕਾਵਿ ਗੋਸ਼ਟੀ ਵਿੱਚ ਰੇਣੂਕਾ ਨੇ ਦੂਜੇ ਇਨਾਮ ਜਿੱਤੇ।
ਇਕਾਂਗੀ, ਗਿੱਧਾ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ
ਇਸ ਤੋਂ ਇਲਾਵਾ ਕਾਲਜ ਨੇ ਇਕਾਂਗੀ, ਗਿੱਧਾ, ਅੰਗਰੇਜ਼ੀ ਭਾਸ਼ਣ ਅਤੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਕਾਂਗੀ ਮੁਕਾਬਲੇ ਵਿੱਚ ਤਾਨੀਆ ਸ਼ਰਮਾ, ਸਤਿਅਮ ਵਰਮਾ, ਹਰਸ਼ਦੀਪ ਸਿੰਘ, ਅਰਸ਼ਦ, ਹਰਸਿਰਤ ਸਿੰਘ, ਵੰਦਨਾ ਠਾਕੁਰ ਅਤੇ ਦੀਆ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਗਿੱਧਾ ਟੀਮ ਵਿੱਚ ਸੁਪ੍ਰੀਤ ਕੌਰ, ਖੁਸ਼ੀ, ਰਾਜਪਾਲ ਕੌਰ, ਦੀਪਾਂਸ਼ਿਕਾ, ਆਸਥਾ ਕੱਕੜ, ਸ਼ਿਵਾਨੀ, ਕਿਰਨਦੀਪ ਕੌਰ, ਕੋਮਲਪ੍ਰੀਤ ਕੌਰ, ਸੰਦੀਪ ਕੁਮਾਰੀ ਅਤੇ ਰਿਧਿਮਾ ਸ਼ਾਮਲ ਸਨ। ਅੰਗਰੇਜ਼ੀ ਭਾਸ਼ਣ ਮੁਕਾਬਲੇ ਵਿੱਚ ਇਸ਼ਿਕਾ ਠਾਕੁਰ ਅਤੇ ਪੰਜਾਬੀ ਭਾਸ਼ਣ ਮੁਕਾਬਲੇ ਵਿੱਚ ਸਰਗੁਣ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼ਬਦ ਗਾਇਨ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਮਿਹਨਤ ਨਾਲ ਪੇਸ਼ ਕੀਤੀ ਗੁਰਬਾਣੀ ਦੀ ਸੁਰਮਈ ਪੇਸ਼ਕਾਰੀ
ਕਾਲਜ ਵਿੱਚ ਸੰਗੀਤ ਦੇ ਅਧਿਆਪਕ ਜਾਂ ਸੰਗੀਤ ਵਿਸ਼ੇ ਦੀ ਸਹੂਲਤ ਨਾ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਦੇ ਸ਼ਬਦ ਗਾਇਨ ਮੁਕਾਬਲੇ ਵਿੱਚ ਉਤਸ਼ਾਹ ਨਾਲ ਭਾਗ ਲਿਆ। ਗਗਨਦੀਪ ਸਿੰਘ, ਗੁਰਸਿਮਰਨ ਸਿੰਘ, ਮੇਹਰ ਸਿੰਘ, ਜਸਲੀਨ ਕੌਰ ਅਤੇ ਹੋਰ ਵਿਦਿਆਰਥੀਆਂ ਨੇ ਆਪਣੇ ਪੱਧਰ ’ਤੇ ਤਿਆਰੀ ਕਰਕੇ ਗੁਰਬਾਣੀ ਦੇ ਸ਼ਬਦ ਗਾਇਨ ਦੀ ਪੇਸ਼ਕਾਰੀ ਕੀਤੀ। ਭਾਵੇਂ ਵਿਦਿਆਰਥੀ ਇਸ ਮੁਕਾਬਲੇ ਵਿੱਚ ਕੋਈ ਇਨਾਮ ਹਾਸਲ ਨਹੀਂ ਕਰ ਸਕੇ, ਪਰ ਸੰਗੀਤ ਦੇ ਅਧਿਆਪਕ ਅਤੇ ਸੰਗੀਤ ਵਿਸ਼ੇ ਦੀ ਸਹੂਲਤ ਤੋਂ ਬਿਨਾਂ ਆਪਣੀ ਮਿਹਨਤ ਨਾਲ ਤਿਆਰੀ ਕਰਨਾ ਅਤੇ ਤਬਲੇ ਤੇ ਦਿਲਰੁਬਾ ਦੇ ਸੰਗਤਕਾਰਾਂ ਦਾ ਪ੍ਰਬੰਧ ਕਰਕੇ ਮੁਕਾਬਲੇ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਪ੍ਰਾਪਤੀ ਹੈ। ਅਭਿਆਸ ਸੈਸ਼ਨਾਂ ਦੌਰਾਨ ਕਾਲਜ ਦੇ ਪੰਜਾਬੀ ਅਧਿਆਪਕ ਨੇ ਵੀ ਵਿਦਿਆਰਥੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦਾ ਮਾਰਗਦਰਸ਼ਨ ਦਿੱਤਾ। ਵਿਦਿਆਰਥੀਆਂ ਦੇ ਇਸ ਉਪਰਾਲੇ ਨੇ ਸਾਬਤ ਕੀਤਾ ਕਿ ਦ੍ਰਿੜ੍ਹ ਇੱਛਾ-ਸ਼ਕਤੀ, ਮਿਹਨਤ ਅਤੇ ਆਪਸੀ ਸਹਿਯੋਗ ਨਾਲ ਸੀਮਤ ਸਹੂਲਤਾਂ ਦੇ ਬਾਵਜੂਦ ਵੀ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕਦਾ ਹੈ।
ਯੂਥ ਫੈਸਟੀਵਲ ਵਿੱਚ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਫਲਤਾ ਵਿਦਿਆਰਥੀਆਂ ਦੀ ਕਲਾ, ਮਿਹਨਤ ਅਤੇ ਸਿਰਜਣਾਤਮਕ ਯੋਗਤਾ ਦਾ ਪ੍ਰਮਾਣ ਹੈ। ਕਾਲਜ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ, ਸਾਹਿਤਕ ਅਤੇ ਰਚਨਾਤਮਕ ਸਰਗਰਮੀਆਂ ਨੂੰ ਵੀ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
