Parwinder Jhota Murder: ਹਨੇਰ ਚੀਰਦੀ ਸਵੇਰ: ਮਾਨਸਾ ਤੁਰਦਾ ਹੈ ਤਾਂ ਰਾਹ ਬਣਦੇ ਨੇ

Parwinder Jhota Murder: ਹਨੇਰ ਚੀਰਦੀ ਸਵੇਰ: ਮਾਨਸਾ ਤੁਰਦਾ ਹੈ ਤਾਂ ਰਾਹ ਬਣਦੇ ਨੇ

ਚੰਡੀਗੜ੍ਹ : ਮਾਨਸਾ ਦੀ ਮਿੱਟੀ ’ਚੋਂ ਹੁਣ ਨਵੀਂ ਲਹਿਰ ਉੱਠਣ ਲੱਗੀ ਹੈ। ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਮੁੜ ਮਾਨਸਾ ਦੀ ਜੂਹ ਤੇ ਰੂਹ ਨੂੰ ਵੰਗਾਰਿਆ ਹੈ। ਅੱਜ ਹਰ ਰਾਹ ਮਾਨਸਾ ਨੂੰ ਜਾਂਦਾ ਸੀ। ਸੜਕਾਂ ’ਤੇ ਨਿਕਲੇ ਕਾਫ਼ਲੇ ਦੇਖ ਇੰਜ ਅਹਿਸਾਸ ਹੁੰਦਾ ਸੀ ਕਿ ਮਾਨਸਾ ਤੁਰਦਾ ਹੈ ਤਾਂ ਰਾਹ ਬਣਦੇ ਨੇ। ਪਰਵਿੰਦਰ ਝੋਟਾ ਨੇ ਨਸ਼ਾ ਤਸਕਰੀ ਖ਼ਿਲਾਫ਼ ਬੀੜਾ ਚੁੱਕਿਆ ਸੀ। ਉਸ ਦੇ ਢੰਗ ਤਰੀਕੇ ’ਤੇ ਕਿੰਤੂ ਵੀ ਹੋਏ ਸਨ ਪ੍ਰੰਤੂ ਮਿਸ਼ਨ ਬਾਰੇ ਸਭ ਇੱਕ-ਮਿੱਕ ਸਨ। ਮਾਨਸਾ ਦੀ ਤਿਕੋਣੀ ’ਚ ਅੱਜ ਵੱਡਾ ਪੰਡਾਲ ਸਜਿਆ ਜਿਸ ਦੀ ਅਗਵਾਈ 23 ਮੈਂਬਰੀ ਕਮੇਟੀ ਨੇ ਕੀਤੀ। ਸਿਆਸੀ ਧਿਰਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਨਿਹੰਗ ਸਿੰਘ ਅਤੇ ਆਪ ਮੁਹਾਰੇ ਪਹੁੰਚਣ ਵਾਲੇ ਨੌਜਵਾਨ ਟੁੱਟ ਚੁੱਕੇ ਮਨੁੱਖੀ ਹੌਸਲੇ ਨੂੰ ਮੁੜ ਬੰਨ੍ਹਦੇ ਨਜ਼ਰ ਆਏ। ਬਠਿੰਡਾ-ਮਾਨਸਾ ਮਾਰਗ, ਮਾਨਸਾ-ਬਰਨਾਲਾ ਸੜਕ, ਮਾਨਸਾ-ਸੁਨਾਮ ਸੜਕ ਅਤੇ ਮਾਨਸਾ-ਸਰਦੂਲਗੜ੍ਹ ਮਾਰਗ ਨੂੰ ਅੱਜ ਸਾਹ ਲੈਣਾ ਨਹੀਂ ਮਿਲਿਆ। ਪੁਲੀਸ ਦੀ ਘੇਰਾਬੰਦੀ ਦੇ ਬਾਵਜੂਦ ਸੜਕਾਂ ’ਤੇ ਲੰਮੇ ਕਾਫ਼ਲੇ ਸਨ। ਬੀ ਕੇ ਯੂ ਸਿੱਧੂਪੁਰ ਦਾ ਮੌੜ ਤੋਂ ਚੱਲਿਆ ਕਾਫ਼ਲਾ ਦੋ ਪੁਲੀਸ ਨਾਕੇ ਤੋੜ ਕੇ ਮਾਨਸਾ ਪਹੁੰਚਿਆ। ਮਾਨਸਾ ਸ਼ਹਿਰ ਬੰਦ ਸੀ ਅਤੇ ਸੜਕਾਂ ਜਾਮ ਸਨ। ਮਾਨਸਾ ਪੁੱਜ ਰਹੇ ਹਰ ਕਦਮ, ਹਰ ਨਾਅਰੇ ਅਤੇ ਅੱਖਾਂ ’ਚ ਤੈਰਦਾ ਰੋਹ ਇੱਕ ਨਵੀਂ ਸਕ੍ਰਿਪਟ ਲਿਖ ਰਿਹਾ ਸੀ। ਕਿਸਾਨ ਨੇਤਾ ਰਾਮ ਸਿੰਘ ਭੈਣੀ ਬਾਘਾ ਆਖਦਾ ਹੈ ਕਿ ਅੱਜ ਲੋਕ ਰੋਹ ਦਾ ਦਿਨ ਮਾਨਸਾ ਦੇ ਨਾਂ ਸੀ। ਪੰਜਾਬ ਸਰਕਾਰ ਦੇ ਫਲੈਕਸਾਂ ’ਤੇ ਹਰ ਕੋਈ ਗ਼ੁੱਸਾ ਕੱਢ ਰਿਹਾ ਸੀ। ਪੁਲੀਸ ਨੇ ਵਾਰਿਸ ਪੰਜਾਬ ਦੇ ਕਿੰਨੇ ਹੀ ਆਗੂ ਅੱਜ ਘਰਾਂ ’ਚ ਨਜ਼ਰਬੰਦ ਵੀ ਰੱਖੇ। ਨਸ਼ਿਆਂ ਦੇ ਭੰਨੇ ਪਰਿਵਾਰ ਅੱਜ ਪੰਡਾਲ ਦਾ ਹਿੱਸਾ ਬਣੇ। ਵਿਧਵਾ ਆਪਣੇ ਜਵਾਨ ਪੁੱਤ ਦੀ ਨਸ਼ਿਆਂ ਦੀ ਲਤ ਦੀ ਦੁਹਾਈ ਪਾ ਰਹੀ ਸੀ। ਬਠਿੰਡਾ ਦੀ ਭੈਣ ਜਵਾਨ ਭਰਾ ਦੇ ਨਸ਼ਿਆਂ ਦੇ ਰਾਹ ਚਲੇ ਜਾਣ ਦੀ ਕਹਾਣੀ ਰੋ ਰੋ ਕੇ ਦੱਸ ਰਹੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਸਿਮਰਨਜੀਤ ਸਿੰਘ ਮਾਨਸਾ, ਸੀ ਪੀ ਆਈ ਦੇ ਹਰਦੇਵ ਅਰਸ਼ੀ, ਵਾਰਿਸ ਪੰਜਾਬ ਦੇ ਤਰਸੇਮ ਸਿੰਘ ਸਮੇਤ ਅਨੇਕਾਂ ਵੱਡੇ ਆਗੂ ਅੱਜ ਪੰਡਾਲ ’ਚ ਪੁੱਜੇ।

ਪਰਵਿੰਦਰ ਸਿੰਘ ਝੋਟਾ ਦੀ ਬੇਵਕਤੀ ਮੌਤ ਨੇ ਦਿਹਾਤੀ ਪੰਜਾਬ ਨੂੰ ਜਗਾ ਦਿੱਤਾ ਹੈ। ਵੱਡੀ ਗਿਣਤੀ ’ਚ ਪਹੁੰਚੀ ਜਵਾਨੀ ਦੇ ਸਬਰ ਦਾ ਬੰਨ੍ਹ ਅੱਜ ਟੁੱਟਿਆ ਨਜ਼ਰ ਆਇਆ। ਪ੍ਰੋ. ਜਗਤਾਰ ਸਿੰਘ ਜੋਗਾ ਆਖਦੇ ਹਨ ਕਿ ਮਾਨਸਾ ਦੀ ਧਰਤੀ ਜਰਖੇਜ਼ ਹੈ ਜਿੱਥੇ ਕਿਸੇ ਲਹਿਰ ਦੇ ਫੁੱਟਣ ’ਚ ਦੇਰ ਨੀ ਲੱਗਦੀ।

ਪਿਛਾਂਹ ਦੇਖੀਏ ਤਾਂ ਮੁਜ਼ਾਰਾ ਲਹਿਰ ਦਾ ਕੇਂਦਰ ਮਾਨਸਾ ਦਾ ਪਿੰਡ ਕਿਸ਼ਨਗੜ੍ਹ ਬਣਿਆ। ਪਟਿਆਲਾ ਰਿਆਸਤ ਦੀ ਫ਼ੌਜ ਨੇ ਪਿੰਡ ਨੂੰ ਘੇਰਾ ਪਾ ਲਿਆ ਸੀ ਅਤੇ 19 ਮਾਰਚ 1949 ਨੂੰ ਵੱਡੀ ਘਟਨਾ ਵਾਪਰੀ ਜਿਸ ’ਚ ਚਾਰ ਕਿਸਾਨ ਸ਼ਹੀਦ ਹੋ ਗਏ ਸਨ। ਏਨੀ ਲਹਿਰ ਬਣੀ ਕਿ ਮੁਜ਼ਾਰਿਆਂ ਨੂੰ 16 ਲੱਖ ਏਕੜ ਜ਼ਮੀਨ ਦੇ ਹੱਕ ਦੇਣੇ ਪਏ। ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਦਾ ਧੁਰਾ ਇਹ ਖ਼ਿੱਤਾ ਰਿਹਾ। ਕਾਮਰੇਡ ਜਗੀਰ ਸਿੰਘ ਜੋਗਾ ਅਤੇ ਧਰਮ ਸਿੰਘ ਫ਼ੱਕਰ ਅੱਗੇ ਲੱਗੇ। ਰਿਆਸਤੀ ਪਰਜਾ ਮੰਡਲ ਦਾ ਮੁੱਢ ਇਸ ਇਲਾਕੇ ’ਚੋਂ ਬੱਝਿਆ।

ਸਾਬਕਾ ਵਿਧਾਇਕ ਹਰਦੇਵ ਅਰਸ਼ੀ ਆਖਦੇ ਹਨ ਕਿ ਅੱਜ ਲੋਕਾਂ ਦਾ ਗ਼ੁੱਸਾ ਅਤੇ ਰੋਹ ਸਰਕਾਰ ਤੇ ਪੁਲੀਸ ਖ਼ਿਲਾਫ਼ ਮਾਨਸਾ ਦੀ ਧਰਤੀ ’ਤੇ ਫੁੱਟਿਆ ਹੈ ਅਤੇ ਪੁਲੀਸ ਰੋਕਾਂ ਦੇ ਬਾਵਜੂਦ ਲੋਕਾਂ ਦਾ ਹੁੰਮ ਹੁੰਮਾ ਕੇ ਪੁੱਜਣਾ ਨਵੇਂ ਸੰਕੇਤ ਦੇ ਰਿਹਾ ਹੈ। ਦੇਖਿਆ ਜਾਵੇ ਤਾਂ ਜਦੋਂ ਗੋਬਿੰਦਪੁਰਾ ਤਾਪ ਬਿਜਲੀ ਘਰ ਲਈ ਜ਼ਮੀਨ ਐਕੁਆਇਰ ਕੀਤੀ ਜਾਣੀ ਸੀ ਤਾਂ ਉਸ ਵਕਤ ਵੀ ਕਿਸਾਨਾਂ ਦਾ ਵੱਡਾ ਘੋਲ ਚੱਲਿਆ ਸੀ। ਨਾਟਕਕਾਰ ਅਜਮੇਰ ਔਲਖ ਮਾਨਸਾ ਦੀ ਧਰਤੀ ਤੋਂ ਹੀ ਲੋਕ ਸੰਘਰਸ਼ਾਂ ਦੀ ਅਲ਼ਖ ਜਗਾਉਂਦਾ ਰਿਹਾ। ਜਦੋਂ 2022 ਦੀਆਂ ਚੋਣਾਂ ਹੋਈਆਂ ਤਾਂ ਮਾਨਸਾ ਵਾਲਿਆਂ ਨੇ ਰਵਾਇਤੀ ਧਿਰਾਂ ਨੂੰ ਖੂੰਜੇ ਲਾ ਕੇ ‘ਆਪ’ ਦੀ ਝੋਲੀ ਤਿੰਨੋਂ ਸੀਟਾਂ ਪਾਈਆਂ ਸਨ।

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਮਾਨਸਾ ਦੀ ਮਿੱਟੀ ’ਚੋਂ ਸੀ। ਉਸ ਦੀ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ’ਚ ਹੱਤਿਆ ਹੋ ਗਈ। ਉਸ ਦੇ ਸ਼ਰਧਾਂਜਲੀ ਸਮਾਗਮ ’ਤੇ ਪੈਰ ਰੱਖਣ ਜੋਗੀ ਥਾਂ ਨਹੀਂ ਸੀ।

Share: