‘ਲੁੱਟ ਦੀ ਯੋਜਨਾ ਮੈਂ ਬਣਾਈ ਸੀ..’, ਕੈਨੇਡਾ ਢਾਈ ਕਰੋੜ ਡਾਲਰ ਦੇ ਸੋਨੇ ਦੀ ਲੁੱਟ ਮਾਮਲੇ ‘ਚ ਗਵਾਹ ਵੱਲੋਂ ਵੱਡਾ ਖੁਲਾਸਾ

‘ਲੁੱਟ ਦੀ ਯੋਜਨਾ ਮੈਂ ਬਣਾਈ ਸੀ..’, ਕੈਨੇਡਾ ਢਾਈ ਕਰੋੜ ਡਾਲਰ ਦੇ ਸੋਨੇ ਦੀ ਲੁੱਟ ਮਾਮਲੇ ‘ਚ ਗਵਾਹ ਵੱਲੋਂ ਵੱਡਾ ਖੁਲਾਸਾ

ਵੈਨਕੂਵਰ : ਸਾਢੇ ਤਿੰਨ ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਢਾਈ ਕਰੋੜ ਡਾਲਰ ਦੇ ਸੋਨੇ ਅਤੇ ਨਕਦੀ ਦੀ ਲੁੱਟ ਦੇ ਮਾਮਲੇ ਵਿੱਚ ਏਅਰ ਕੈਨੇਡਾ ਦੇ ਕਾਰਗੋ ਮੈਨੇਜਰ ਪਰਮਪਾਲ ਸਿੱਧੂ ਵਿਰੁੱਧ ਸ਼ੁਰੂ ਹੋਈ ਕਾਰਵਾਈ ਦੌਰਾਨ, ਇਸੇ ਮਾਮਲੇ ਵਿੱਚ ਇਸੇ ਸਾਲ ਸਜ਼ਾ-ਯਾਫ਼ਤਾ ਹੋਏ ਅਰਸਾਲਨ ਚੌਧਰੀ ਨੇ ਗਵਾਹੀ ਦਿੰਦਿਆਂ ਮੰਨਿਆ ਕਿ ਲੁੱਟ ਦੀ ਸਾਰੀ ਯੋਜਨਾ ਉਸ ਨੇ ਘੜੀ ਸੀ ਅਤੇ ਉਸ ਦੀ ਪਰਮਪਾਲ ਸਿੱਧੂ ਨਾਲ ਕੋਈ ਸਾਂਝ ਨਹੀਂ ਸੀ। ਚਾਰ ਸਾਲ ਦੀ ਸਜ਼ਾ ਕੱਟ ਰਹੇ ਚੌਧਰੀ ਨੇ ਸਰਕਾਰੀ ਵਕੀਲਾਂ ਵੱਲੋਂ ਪੇਸ਼ ਕੀਤੇ ਲਿਖਤੀ ਸੰਦੇਸ਼ਾਂ ਬਾਰੇ ਕੀਤੇ ਸਵਾਲਾਂ ਦੇ ਜਵਾਬ ਇਹ ਕਹਿ ਕੇ ਟਾਲ ਦਿੱਤੇ ਕਿ ਉਸ ਨੂੰ ਇੰਨੀ ਪੁਰਾਣੀ ਗੱਲ ਬਾਰੇ ਕੁਝ ਵੀ ਯਾਦ ਨਹੀਂ। ਲੁੱਟੇ ਗਏ 400 ਕਿਲੋ ਸੋਨੇ ਦੀਆਂ 600 ਇੱਟਾਂ ਵਿੱਚੋਂ ਤੀਜਾ ਹਿੱਸਾ ਵੰਡਾਉਣ ਨੂੰ ਮੰਨਦਿਆਂ ਚੌਧਰੀ ਨੇ ਕਿਹਾ ਕਿ ਸੋਨੇ ਦੀਆਂ ਕੁਝ ਇੱਟਾਂ ਉਸ ਨੇ ਇੱਕ ਘਰ ਵਿੱਚ ਲੁਕਾਈਆਂ ਸਨ, ਜਿਸ ਵਿੱਚੋਂ ਕੁਝ ਹਿੱਸਾ ਉਸ ਨੇ ਸੋਨਾ ਢਾਲਣ ਵਾਲੇ ਨੂੰ ਤਿੰਨ ਲੱਖ ਵਿੱਚ ਵੇਚਿਆ ਤੇ ਪਾਕਿਸਤਾਨ ਖਿਸਕ ਗਿਆ। ਉਸ ਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਪਹੁੰਚਿਆ ਤਾਂ ਕਿਸੇ ਗਰੋਹ ਨੂੰ ਭਿਣਕ ਲੱਗੀ ਅਤੇ ਉਸ ਨੂੰ ਅਗਵਾ ਕਰਕੇ ਸਾਰਾ ਪੈਸਾ ਖੋਹ ਲਿਆ ਗਿਆ ਅਤੇ ਉਸ ਨੂੰ ਬੰਦੀ ਬਣਾ ਕੇ ਕੈਨੇਡਾ ਲਿਆਂਦਾ ਗਿਆ ਅਤੇ ਰਹਿੰਦਾ ਸੋਨਾ ਵੀ ਉਹ ਖੋਹ ਕੇ ਲੈ ਗਏ।

ਅਰਸਾਲਨ ਚੌਧਰੀ ਨੇ ਅੱਜ ਦੀ ਗਵਾਹੀ ਵਿੱਚ ਸਰਕਾਰੀ ਵਕੀਲਾਂ ਦੇ ਕਿਸੇ ਵੀ ਸਵਾਲ ਦਾ ਸਪੱਸ਼ਟ ਉੱਤਰ ਦੇਣ ਦੀ ਬਜਾਏ ਗੁੰਝਲਦਾਰ ਜਵਾਬ ਦਿੰਦੇ ਹੋਏ ਕੇਸ ਨੂੰ ਹੋਰ ਉਲਝਾ ਦਿੱਤਾ। ਉਸ ਦੀ ਗਵਾਹੀ ਕੱਲ੍ਹ ਵੀ ਜਾਰੀ ਰਹੇਗੀ। ‘ਸਾਰੀ ਯੋਜਨਾ ਮੈਂ ਉਲੀਕੀ’ ਕਹਿ ਕੇ ਇੱਕ ਤਰ੍ਹਾਂ ਉਸ ਨੇ ਸਾਰਾ ਦੋਸ਼ ਆਪਣੇ ਸਿਰ ਮੜ੍ਹ ਲਿਆ, ਕਿਉਂਕਿ ਉਸ ਨੂੰ 6 ਮਹੀਨੇ ਪਹਿਲਾਂ ਇਸੇ ਕੇਸ ਵਿੱਚ ਚਾਰ ਸਾਲ ਦੀ ਕੈਦ ਹੋ ਚੁੱਕੀ ਹੈ ਅਤੇ ਅਦਾਲਤ ਨੇ 40 ਸਾਲਾਂ ਵਿੱਚ 2 ਕਰੋੜ 20 ਲੱਖ ਡਾਲਰ ਮੋੜਨ ਲਈ ਕਿਹਾ ਹੈ। ਅਪਰੈਲ 2023 ਵਿੱਚ ਵਾਪਰੀ ਇਸ ਲੁੱਟ ਵਿੱਚ ਪਰਮਪਾਲ ਸਿੱਧੂ ’ਤੇ ਦੋਸ਼ ਹਨ ਕਿ ਵਿਦੇਸ਼ ਤੋਂ ਏਅਰ ਕੈਨੇਡਾ ਦੀ ਉਡਾਣ ਅਤੇ ਕਾਰਗੋ ਰਾਹੀਂ ਆਇਆ 4 ਕੁਇੰਟਲ ਸ਼ੁੱਧ ਸੋਨਾ ਅਤੇ ਕਰੰਸੀ ਨੋਟਾਂ ਦੇ ਬਕਸੇ ਜਾਅਲੀ ਵੇਬਿੱਲ ਰਾਹੀਂ ਲੁਟੇਰੇ ਟੋਲੇ ਦੇ ਵਿਅਕਤੀ ਨੂੰ ਡਿਲੀਵਰ ਕਰਵਾਏ ਸਨ, ਜਿਸ ਨੂੰ ਉਹ ਟਰੱਕ ਵਿੱਚ ਲੱਦ ਕੇ ਫ਼ਰਾਰ ਹੋ ਗਏ। ਜੁਰਮ ਵਿੱਚ ਹਿੱਸੇਦਾਰ ਵਜੋਂ ਨਾਂ ਆਉਣ ਤੋਂ ਬਾਅਦ ਪਰਮਪਾਲ ਸਿੱਧੂ ਭਾਰਤ ਭੱਜ ਗਿਆ ਸੀ ਅਤੇ ਕਈ ਮਹੀਨਿਆਂ ਬਾਅਦ ਉਸ ਦਾ ਪਤਾ ਲਗਾ ਕੇ ਇੰਟਰਪੋਲ ਰਾਹੀਂ ਉੱਥੋਂ ਕੈਨੇਡਾ ਲਿਆਂਦਾ ਗਿਆ ਸੀ। ਉਹ ਉਦੋਂ ਤੋਂ ਹਿਰਾਸਤ ਵਿੱਚ ਹੈ ਅਤੇ ਅੱਜ ਤੋਂ ਉਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਸੁਣਵਾਈ ਮੌਕੇ ਅਦਾਲਤੀ ਕਮਰਾ ਖਚਾਖੱਚ ਭਰਿਆ ਹੋਇਆ ਸੀ। ਸਿੱਧੂ ਦੇ ਵਕੀਲਾਂ ਨੇ ਅੱਜ ਦੀ ਸੁਣਵਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਚੌਧਰੀ ਦੀ ਗਵਾਹੀ ਉਨ੍ਹਾਂ ਦੇ ਮੁਵੱਕਲ ਦੇ ਹੱਕ ਵਿੱਚ ਜਾ ਰਹੀ ਹੈ।

Share: