PM Narendra Modi: ਮੋਦੀ ਨੇ ਸਰਕਾਰ ਦੇ ਮੁਖੀ ਵਜੋਂ 25 ਸਾਲ ਕੀਤੇ ਪੂਰੇ

PM Narendra Modi: ਮੋਦੀ ਨੇ ਸਰਕਾਰ ਦੇ ਮੁਖੀ ਵਜੋਂ 25 ਸਾਲ ਕੀਤੇ ਪੂਰੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ ਪੂਰੇ ਹੋਣ ’ਤੇ ਪੂਰੀ ਲਗਨ ਅਤੇ ਸਮਰਪਣ ਭਾਵਨਾ ਨਾਲ ਦੇਸ਼ ਦੀ ਸੇਵਾ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੋਹਰਾਇਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਦਿਨ ਦੀ ਸ਼ੁਰੂਆਤ ਨਵੀਂ ਦਿੱਲੀ ਦੇ ਸਰੋਜਨੀ ਨਗਰ ਸਥਿਤ ਪ੍ਰਸਿੱਧ ਸ਼੍ਰੀ ਵਿਨਾਇਕ ਮੰਦਰ ਵਿੱਚ ਪੂਜਾ-ਅਰਚਨਾ ਕਰਕੇ ਕੀਤੀ। ਮੰਦਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਮੈਂ ਨਵੀਂ ਦਿੱਲੀ ਦੇ ਸ਼੍ਰੀ ਵਿਨਾਇਕ ਮੰਦਰ ਵਿੱਚ ਪੂਜਾ ਅਤੇ ਅਰਚਨਾ ਕੀਤੀ। ਮੈਂ ਭਗਵਾਨ ਸ਼੍ਰੀ ਗਣੇਸ਼ ਜੀ ਅੱਗੇ ਦੇਸ਼ ਭਰ ਦੇ ਆਪਣੇ ਪਰਿਵਾਰਕ ਮੈਂਬਰਾਂ ਦੀ ਖ਼ੁਸ਼ਹਾਲੀ, ਸ਼ਾਂਤੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਹੈ।” ਉਨ੍ਹਾਂ ਅੱਗੇ ਕਿਹਾ, “ਵਿਘਨਹਰਤਾ ਦੀ ਕਿਰਪਾ ਸਭ ਦਾ ਭਲਾ ਕਰੇ ਅਤੇ ਦੇਸ਼ ਨਿਰੰਤਰ ਪ੍ਰਗਤੀ ਦੇ ਰਾਹ ’ਤੇ ਅੱਗੇ ਵਧਦਾ ਰਹੇ।”

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿੱਚ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਿਆਂ ਭਾਜਪਾ ਨੂੰ ਗੁਜਰਾਤ ਵਿੱਚ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੁਆਈ। ਬਾਅਦ ਵਿੱਚ 2014 ਵਿੱਚ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਅਤੇ ਫਿਰ 2019 ਅਤੇ 2024 ਵਿੱਚ ਵੀ ਸੱਤਾ ਵਿੱਚ ਵਾਪਸੀ ਕੀਤੀ।  ਸੱਤਾਧਾਰੀ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਨਤਕ ਜੀਵਨ ਵਿੱਚ 25 ਸਾਲ ਪੂਰੇ ਹੋਣ ’ਤੇ ਮਹੀਨਾ ਭਰ ਚੱਲਣ ਵਾਲਾ ‘ਸੇਵਾ ਪੱਖਵਾੜਾ’ ਮਨਾਇਆ ਹੈ। ਲੰਘੇ ਦਿਨ ਕੇਂਦਰੀ ਕੈਬਨਿਟ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਦਾ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਮੋਦੀ ਦੇ ਕਾਰਜਕਾਲ ਦੇ 10 ਮੁੱਖ ਬਿੰਦੂਆਂ ਦੀ ਸ਼ਲਾਘਾ ਕਰਦਿਆਂ ਇੱਕ ਮਤਾ ਪਾਸ ਕੀਤਾ।

Share: