ਜਲੰਧਰ (ਮਨੀਸ਼ ਰਿਹਾਨ) : ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਬਣਾਏ ਜਾਣ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਦਾ ਸਿਆਸੀ ਧੁਰਾ ਹੁਣ ਦੋਆਬਾ ਖੇਤਰ ਵੱਲ ਖਿਸਕ ਗਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪਰਗਟ ਸਿੰਘ ਦੀ ਇਹ ਨਿਯੁਕਤੀ ਸਿਰਫ਼ ਇਸ ਲਈ ਅਹਿਮ ਨਹੀਂ ਹੈ ਕਿ ਨਵਾਂ ਪ੍ਰਧਾਨ ਜਲੰਧਰ ਤੋਂ ਹੈ, ਸਗੋਂ ਇਸ ਲਈ ਵੀ ਖ਼ਾਸ ਹੈ ਕਿਉਂਕਿ ਪਾਰਟੀ ਦੇ ਕਈ ਪ੍ਰਭਾਵਸ਼ਾਲੀ ਆਗੂ ਦੋਆਬੇ ਨਾਲ ਸਬੰਧਤ ਹਨ। ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਰਗੇ ਆਗੂ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਲਗਾਤਾਰ ਮੁਹਿੰਮ ਚਲਾ ਰਹੇ ਸਨ। ਦੋਆਬਾ ਖੇਤਰ ਲਈ 16 ਸਾਲਾਂ ਬਾਅਦ ਇਹ ਮੌਕਾ ਆਇਆ ਹੈ, ਜਦੋਂ ਪ੍ਰਦੇਸ਼ ਕਾਂਗਰਸ ਦੀ ਕਮਾਨ ਇਸ ਖੇਤਰ ਦੇ ਹੱਥ ਆਈ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਕੇਪੀ (ਜੋ ਹੁਣ ਅਕਾਲੀ ਦਲ ਵਿੱਚ ਹਨ) ਦੇ ਕਾਰਜਕਾਲ ਤੋਂ ਬਾਅਦ ਕਿਸੇ ਦੋਆਬੀਆ ਨੇਤਾ ਨੂੰ ਇਹ ਅਹੁਦਾ ਨਹੀਂ ਸੀ ਮਿਲਿਆ। ਪਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਅਤੇ ਯੂਥ ਕਾਂਗਰਸ ਜਲੰਧਰ ਦੇ ਪ੍ਰਧਾਨ ਅੰਗਦ ਦੱਤਾ ਉਨ੍ਹਾਂ ਨਾਲ ਦਿੱਲੀ ਵਿੱਚ ਪਾਰਟੀ ਦੇ ਉੱਚ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਪਰਗਟ ਸਿੰਘ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 7 ਅਕਤੂਬਰ ਨੂੰ ਜਲੰਧਰ ਪਹੁੰਚਣਗੇ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ, “ਅਸੀਂ ਹਾਈਕਮਾਂਡ ਦੇ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਸਾਨੂੰ ਉਮੀਦ ਹੈ ਕਿ ਪਰਗਟ ਸਿੰਘ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ।” ਇਸੇ ਤਰ੍ਹਾਂ ਜਲੰਧਰ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਨੇ ਵੀ ਆਖਿਆ ਕਿ ਸਾਰੇ ਆਗੂ ਰਾਜਾ ਵੜਿੰਗ ਦਾ ਬਦਲ ਚਾਹੁੰਦੇ ਸਨ ਅਤੇ ਹੁਣ ਸਾਰੇ ਮਤਭੇਦ ਭੁਲਾ ਕੇ 2027 ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮਿਹਨਤ ਕਰਨ ਦਾ ਸਮਾਂ ਹੈ।
Posted inJalandhar
Pargat Singh ਦੀ ਪ੍ਰਧਾਨਗੀ ਨਾਲ ਪੰਜਾਬ ਕਾਂਗਰਸ ਦਾ ‘ਸਿਆਸੀ ਧੁਰਾ’ ਬਣਿਆ ਦੋਆਬਾ

