Women Hockey: ਹਾਕੀ ’ਚ ਕੁੜੀਆਂ ਦਾ ਸੁਨਹਿਰੀ ਗੋਲ

Women Hockey: ਹਾਕੀ ’ਚ ਕੁੜੀਆਂ ਦਾ ਸੁਨਹਿਰੀ ਗੋਲ

ਕਾਕਾਮੀਗਾਹਾਰਾ : ਭਾਰਤ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਹਾਕੀ ਵਿੱਚ ਸੋਨ ਤਗ਼ਮਾ ਜਿੱਤ ਕੇ 44 ਸਾਲਾਂ ਦੀ ਉਡੀਕ ਖ਼ਤਮ ਕਰ ਦਿੱਤੀ ਹੈ। ਖ਼ਿਤਾਬੀ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਤੇ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਖਿਲਾਫ਼ ਸ਼ਾਨਦਾਰ ਖੇਡ ਦਿਖਾਈ। ਭਾਰਤ ਦੀ ਜਿੱਤ ਵਿੱਚ ਲਾਲਰੇਮਸਿਆਮੀ ਵੱਲੋਂ 10ਵੇਂ ਮਿੰਟ ਵਿੱਚ ਰਿਵਰਸ ਸਟਿੱਕ ਨਾਲ ਕੀਤੇ ਗੋਲ ਅਤੇ ਗੋਲਕੀਪਰ ਬਿੱਛੂ ਦੇਵੀ ਦੀ ਬਿਹਤਰੀਨ ਖੇਡ ਤੇ ਮਜ਼ਬੂਤ ਡਿਫੈਂਸ ਦੀ ਅਹਿਮ ਭੂਮਿਕਾ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਹੈ।

ਚੀਨ ਨੇ ਮੈਚ ਦੌਰਾਨ ਆਪਣੀ ਪੂਰੀ ਵਾਹ ਲਾਈ, ਪਰ ਭਾਰਤ ਨੇ ਆਪਣੀ ਇਕ ਗੋਲ ਦੀ ਲੀਡ ਨੂੰ ਬਣਾਈ ਰੱਖਣ ਲਈ ਵਿਰੋਧੀ ਟੀਮ ਵੱਲੋਂ ਉਪਰੋਥਲੀ ਬਣਾਏ ਹੱਲਿਆਂ ਨੂੰ ਬੜੀ ਦਲੇਰੀ ਨਾਲ ਨਾਕਾਮ ਕੀਤਾ ਅਤੇ ਯਾਦਗਾਰ ਜਿੱਤ ਦਰਜ ਕਰਨ ਲਈ ਆਪਣੇ ਸਰੀਰ ਦੀ ਪਰਵਾਹ ਕੀਤੇ ਬਿਨਾਂ ਪੂਰਾ ਜ਼ੋਰ ਲਾਇਆ। ਭਾਰਤੀ ਮਹਿਲਾ ਹਾਕੀ ਟੀਮ ਦਾ 1982 ਮਗਰੋਂ ਏਸ਼ਿਆਈ ਖੇਡਾਂ ਵਿੱਚ ਇਹ ਪਹਿਲਾ ਸੋਨ ਤਗ਼ਮਾ ਹੈ। ਟੀਮ 1998 ਤੇ 2018 ਵਿੱਚ ਫਾਈਨਲ ਵਿੱਚ ਪਹੁੰਚੀ, ਪਰ ਟੀਮ ਨੂੰ ਕ੍ਰਮਵਾਰ ਦੱਖਣੀ ਕੋਰੀਆ ਤੇ ਜਾਪਾਨ ਕੋਲੋਂ ਮਿਲੀ ਹਾਰ ਕਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਟੀਮ ਦੇ ਕੋਚ ਜੋਅਰਡ ਮਰੀਨੇ ਲਈ ਦੋਵੇਂ ਟੀਚੇ (ਸੋਨ ਤਗ਼ਮਾ ਤੇ ਓਲੰਪਿਕ ਦਾ ਟਿਕਟ) ਅਹਿਮ ਸਨ। ਇਸ ਤੋਂ ਪਹਿਲਾਂ ਦੋਵਾਂ ਟੀਮਾਂ (ਭਾਰਤ ਤੇ ਚੀਨ) ਦੇ ਖਿਡਾਰੀਆਂ ਵਾਲੀਆਂ ਬੱਸਾਂ ਦੇ ਟਰੈਫਿਕ ਵਿਚ ਫਸਣ ਕਰ ਕੇ ਖ਼ਿਤਾਬੀ ਮੁਕਾਬਲਾ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਮੈਚ ਦੇ ਦਸਵੇਂ ਮਿੰਟ ਵਿੱਚ ਲਾਲਰੇਮਸਿਆਮੀ, ਜੋ ਆਪਣਾ 200ਵਾਂ ਕੌਮਾਂਤਰੀ ਮੈਚ ਖੇਡ ਰਹੀ ਸੀ, ਨੇ ਸਾਕਸ਼ੀ ਰਾਣਾ ਦੇ ਪਾਸ ਨੂੰ ਗੋਲ ਵਿੱਚ ਤਬਦੀਲ ਕਰ ਕੇ ਭਾਰਤ ਨੂੰ ਲੀਡ ਦਿਵਾਈ ਅਤੇ ਅਖ਼ੀਰ ਤੱਕ ਇਸ ਬੜ੍ਹਤ ਨੂੰ ਕਾਇਮ ਰੱਖਿਆ। ਚੀਨ ਨੂੰ ਦੂਜੇ ਕੁਆਰਟਰ (24ਵਾਂ ਮਿੰਟ) ਵਿੱਚ ਸਕੋਰ ਲਾਈਨ ਬਰਾਬਰ ਕਰਨ ਲਈ ਪੈਨਲਟੀ ਸਟਰੋਕ ਜ਼ਰੀਏ ਮੌਕਾ ਮਿਲਿਆ, ਪਰ ਬਿੱਛੂ ਦੇਵੀ ਨੇ ਖੱਬੇ ਪਾਸੇ ਗੋਤਾ ਲਾ ਕੇ ਅਹਿਮ ਬਚਾਅ ਕੀਤਾ ਤੇ ਭਾਰਤ ਦੀ ਲੀਡ ਨੂੰ ਬਰਕਰਾਰ ਰੱਖਿਆ। ਭਾਰਤ ਦੇ ਡਿਫੈਂਡਰਾਂ ਨੇ ਗੋਲ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ, ਜਿਸ ਦੌਰਾਨ ਨਵਨੀਤ ਨੇ ਗੋਲ-ਲਾਈਨ ’ਤੇ ਅਹਿਮ ਬਚਾਅ ਕਰਦਿਆਂ ਚੀਨ ਨੂੰ ਬਰਾਬਰੀ ਦਾ ਗੋਲ ਕਰਨ ਤੋਂ ਰੋਕਿਆ। ਮੈਚ ਦੀ ਸ਼ੁਰੂਆਤ ਵਿੱਚ ਚੀਨ ਦੀ ਟੀਮ ਭਾਰੂ ਰਹੀ, ਪਰ ਭਾਰਤ ਦੇ ਮਜ਼ਬੂਤ ਡਿਫੈਂਸ ਕਰ ਕੇ ਉਨ੍ਹਾਂ ਲਈ ਸਾਫ਼ ਮੌਕੇ ਬਣਾਉਣਾ ਔਖਾ ਹੋ ਗਿਆ। ਚੀਨ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਜਾਪਾਨ ਨੇ ਸ਼ੂਟਆਊਟ ਵਿੱਚ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।

ਪੰਜਾਬ ਸਰਕਾਰ ਬਲਜੀਤ ਕੌਰ ਨੂੰ 1 ਕਰੋੜ ਰੁਪਏ ਦੇਵੇਗੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਏਸ਼ਿਆਈ ਖੇਡਾਂ ’ਚ ਭਾਰਤੀ ਟੀਮ ਨੇ 44 ਸਾਲਾਂ ਬਾਅਦ ਫਾਈਨਲ ’ਚ ਚੀਨ ਨੂੰ 1-0 ਨਾਲ ਹਰਾ ਕੇ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ… ਸਾਨੂੰ ਬੇਹੱਦ ਮਾਣ ਹੈ ਕਿ ਪੰਜਾਬ ਦੀ ਧੀ ਬਲਜੀਤ ਕੌਰ ਇਸ ਇਤਿਹਾਸਕ ਟੀਮ ਦਾ ਹਿੱਸਾ ਰਹੀ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਬਲਜੀਤ ਕੌਰ ਨੂੰ 1 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪੂਰੀ ਟੀਮ ਅਤੇ ਬਲਜੀਤ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ!

ਹਾਕੀ ਇੰਡੀਆ ਵੱਲੋਂ ਨਗਦ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ: ਹਾਕੀ ਇੰਡੀਆ ਨੇ ਏਸ਼ਿਆਈ ਖੇਡਾਂ ਵਿੱਚ ਜਿੱਤੇ ਇਤਿਹਾਸਕ ਸੋਨ ਤਗ਼ਮੇ ਮਗਰੋਂ ਭਾਰਤੀ ਮਹਿਲਾ ਟੀਮ ਦੀ ਹਰੇਕ ਖਿਡਾਰਨ ਨੂੰ 11-11 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਨੂੰ ਸਾਢੇ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਕਿਹਾ ਕਿ ਇਹ ਨਗਦ ਪੁਰਸਕਾਰ ਟੀਮ ਦੀ ਵੱਡੀ ਪ੍ਰਾਪਤੀ ਲਈ ਦਿੱਤੇ ਜਾ ਰਹੇ ਹਨ। -ਪੀਟੀਆਈ

ਨੀਰੂ ਢਾਂਡਾ ਸਮਾਪਤੀ ਸਮਾਰੋਹ ਵਿੱਚ ਹੋਵੇਗੀ ਝੰਡਾਬਰਦਾਰ

ਨਾਗੋਆ: ਭਾਰਤ ਦੀ ਉੱਘੀ ਟਰੈਪ ਸ਼ੂਟਰ ਨੀਰੂ ਢਾਂਡਾ ਐਤਵਾਰ ਨੂੰ ਏਸ਼ਿਆਈ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਮਹਿਲਾ ਝੰਡਾਬਰਦਾਰ ਹੋਵੇਗੀ। ਉਸ ਨੇ ਇਸ ਮਹਾਂਦੀਪੀ ਮਹਾਕੁੰਭ ਵਿੱਚ ਸੋਨੇ ਦੇ ਦੋ ਤਗ਼ਮੇ ਤੇ ਇੱਕ ਟੀਮ ਚਾਂਦੀ ਦਾ ਤਗ਼ਮਾ ਜਿੱਤ ਕੇ ਸ਼ਾਨਦਾਰ ਮੁਹਿੰਮ ਨੂੰ ਪੂਰਾ ਕੀਤਾ ਹੈ।

ਉਹ ਸਭ ਤੋਂ ਸਫਲ ਐਥਲੀਟਾਂ ਵਿੱਚੋਂ ਇੱਕ ਵਜੋਂ ਉੱਭਰੀ ਹੈ। ਪੁਰਸ਼ ਝੰਡਾਬਰਦਾਰ ਬਾਰੇ ਫ਼ੈਸਲਾ ਭਲਕੇ ਲਿਆ ਜਾਵੇਗਾ। 27 ਸਾਲਾ ਨੀਰੂ ਜੋ ਕਿ ਕਾਇਨਾਨ ਚੇਨੱਈ ਦੇ ਨਾਲ ਟਰੈਪ ਮਿਕਸਡ ਟੀਮ ਈਵੈਂਟ ਵਿੱਚ ਆਪਣਾ ਤੀਜਾ ਤਗ਼ਮਾ (ਸੋਨਾ) ਜਿੱਤਣ ਤੋਂ ਇੱਕ ਦਿਨ ਬਾਅਦ ਭਾਰਤ ਪਰਤੀ ਸੀ। ਸਮਾਪਤੀ ਸਮਾਰੋਹ ਵਿੱਚ ਭਾਰਤੀ ਦਲ ਦੀ ਅਗਵਾਈ ਕਰਨ ਵਾਸਤੇ ਸ਼ਨਿਚਰਵਾਰ ਸਵੇਰੇ ਨਾਗੋਆ ਲਈ ਰਵਾਨਾ ਹੋਵੇਗੀ।

ਭਾਰਤੀ ਮਿਸ਼ਨ ਦੀ ਉਪ ਮੁਖੀ ਅੰਜਲੀ ਭਾਗਵਤ ਨੇ ਅੱਜ ਕਿਹਾ, ‘‘ਉਹ ਮਹਿਲਾ ਝੰਡਾਬਰਦਾਰ ਬਣਨ ਲਈ ਭਲਕੇ ਸਵੇਰੇ ਨਾਗੋਆ ਆ ਰਹੀ ਹੈ। ਪੁਰਸ਼ ਝੰਡਾਬਰਦਾਰ ਬਾਰੇ ਫ਼ੈਸਲਾ ਭਲਕੇ ਲਿਆ ਜਾਵੇਗਾ।’’ ਭਾਗਵਤ ਭਾਰਤ ਅਤੇ ਚੀਨ ਦਰਮਿਆਨ ਖੇਡੇ ਗਏ ਮਹਿਲਾ ਹਾਕੀ ਫਾਈਨਲ ਨੂੰ ਦੇਖਣ ਲਈ ਗਿਫੂ ਪ੍ਰੀਫੈਕਚਰਲ ਗਰੀਨ ਸਟੇਡੀਅਮ ਵਿੱਚ ਮੌਜੂਦ ਸੀ।

Share: