ਸ੍ਰੀ ਗੋਇੰਦਵਾਲ ਸਾਹਿਬ : ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਵੇਰਵਿਆਂ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਕਰਨਜੀਤ ਸਿੰਘ (32) ਪੁੱਤਰ ਸਕੱਤਰ ਸਿੰਘ ਵਾਸੀ ਨਾਗੋਕੇ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੋਸ਼ ਲਾਇਆ ਹੈ ਉਨ੍ਹਾਂ ਦੇ ਲੜਕੇ ਦਾ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੀ ਪੁਲੀਸ ਟੀਮ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਕਰਨਜੀਤ ਸਿੰਘ ਨਾਲ ਕੁੱਝ ਲੋਕ ਰੰਜਿਸ਼ ਰੱਖਦੇ ਸਨ ਜਿਸ ਦੇ ਚਲਦਿਆ ਉਸ ਨੂੰ ਬੀਤੀ ਰਾਤ ਖਡੂਰ ਸਾਹਿਬ ਦੇ ਗੈਸਟ ਹਾਊਸ ਨਜ਼ਦੀਕ ਕਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਸਥਿਤ ਉਕਤ ਸਰਕਾਰੀ ਗੈਸਟ ਹਾਊਸ ਖਾਲੀ ਹੋਣ ਕਾਰਨ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ। ਜਿੱਥੇ ਨਸ਼ਾ ਕਰਨ ਦੇ ਆਦੀ ਨੌਜਵਾਨ ਅਕਸਰ ਨਸ਼ਾ ਕਰਦੇ ਦਿਖਾਈ ਦਿੰਦੇ ਹਨ।

