ਧਰਮਕੋਟ (ਮੋਗਾ) : ਜ਼ੁਬਾਨ ਦੇ ਬੋਲ ਹੀ ਮਹਿਲਾ ਪੁਲੀਸ ਇੰਸਪੈਕਟਰ ਉੱਤੇ ਭਾਰੀ ਪੈ ਗਏ ਹਨ। ਰਿਸ਼ਵਤ ਕਾਂਡ ਵਿੱਚ ਫੜੇ ਜਾਣ ਤੋਂ ਬਾਅਦ ਅਦਾਲਤ ਦੀ ਪਹਿਲੀ ਪੇਸ਼ੀ ਦੌਰਾਨ ਉਸ ਦੇ ਹੰਕਾਰੀ ਬੋਲਾਂ ਅਤੇ ਹੈਂਕੜ ਰਵੱਈਏ ਨੇ ਉਸ ਨੂੰ ਨੌਕਰੀ ਤੋਂ ਲਾਂਭੇ ਕਰਵਾ ਦਿੱਤਾ ਹੈ। ਪੁਲੀਸ ਸੂਤਰਾਂ ਮੁਤਾਬਕ ਹਲਕਾ ਡੀ.ਐੱਸ.ਪੀ. ਨੇ ਵੀ ਸੇਵਾ ਦੌਰਾਨ ਮਹਿਲਾ ਇੰਸਪੈਕਟਰ ਸੁਨੀਤਾ ਬਾਵਾ ਨੂੰ ਉਸ ਦੇ ਇਸ ਤਰ੍ਹਾਂ ਦੇ ਧਾਰਨ ਕੀਤੇ ਰਵੱਈਏ ਸਦਕਾ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਸੀ, ਪਰ ਉਸ ਦੇ ਰਵੱਈਏ ਵਿੱਚ ਭੋਰਾ ਸੁਧਾਰ ਨਹੀਂ ਆਇਆ ਸੀ।
ਇੰਸਪੈਕਟਰ ਜਨਰਲ ਆਫ਼ ਪੁਲੀਸ (IG) ਫ਼ਰੀਦਕੋਟ ਵੱਲੋਂ ਬਰਖ਼ਾਸਤਗੀ ਸਬੰਧੀ ਜੋ ਪ੍ਰੈੱਸ ਨੋਟ ਜਾਰੀ ਕੀਤਾ ਗਿਆ, ਉਸ ਵਿੱਚ ਉਸ ਦੇ ਗ਼ਲਤ ਰਵੱਈਏ ਨੂੰ ਹੀ ਆਧਾਰ ਬਣਾਇਆ ਗਿਆ ਹੈ। ਆਪਣੇ ਹੁਕਮਾਂ ਵਿੱਚ ਆਈ.ਜੀ. ਫ਼ਰੀਦਕੋਟ ਸ੍ਰੀਮਤੀ ਨੀਲਮਬਰੀ ਜਗਦਾਲੇ ਨੇ ਕਿਹਾ ਕਿ ਪੁਲੀਸ ਫ਼ੋਰਸ ਇੱਕ ਅਨੁਸ਼ਾਸਨਬੱਧ ਅਦਾਰਾ ਹੈ। ਮਹਿਲਾ ਇੰਸਪੈਕਟਰ ਸੁਨੀਤਾ ਬਾਵਾ ਨੇ ਜਿਸ ਤਰ੍ਹਾਂ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤੀ ਪੇਸ਼ੀ ਮੌਕੇ ਮੀਡੀਆ ਸਾਹਮਣੇ ਭ੍ਰਿਸ਼ਟਾਚਾਰ, ਅਨੁਸ਼ਾਸਨਹੀਣਤਾ ਅਤੇ ਗੰਭੀਰ ਦੁਰਵਿਹਾਰ ਕੀਤਾ, ਉਸ ਤੋਂ ਆਮ ਲੋਕਾਂ ਵਿੱਚ ਪੁਲੀਸ ਦੀ ਛਵੀ ਉੱਤੇ ਜਿੱਥੇ ਮਾੜਾ ਪ੍ਰਭਾਵ ਪਿਆ ਹੈ, ਉੱਥੇ ਨਾਲ ਹੀ ਉਸ ਦਾ ਵਤੀਰਾ ਹੋਰਨਾਂ ਮੁਲਾਜ਼ਮਾਂ ਉੱਤੇ ਵੀ ਗ਼ਲਤ ਪ੍ਰਭਾਵ ਪਾ ਸਕਦਾ ਹੈ। ਉਨ੍ਹਾਂ ਮੁਤਾਬਕ ਮਹਿਲਾ ਇੰਸਪੈਕਟਰ ਦਾ ਰਵੱਈਆ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਅਤੇ ਵਿਭਾਗੀ ਬਦਨਾਮੀ ਦਾ ਕਾਰਨ ਬਣਨ ਲਈ ਕਾਫ਼ੀ ਹੈ। ਆਈ.ਜੀ. ਨੇ ਪੰਜਾਬ ਪੁਲੀਸ ਦੇ ਰੂਲਜ਼ ਮੁਤਾਬਕ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਫ਼ਾਰਗ ਕਰ ਦਿੱਤਾ। ਹੁਕਮਾਂ ਅਨੁਸਾਰ ਮੀਡੀਆ ਸਾਹਮਣੇ ਉਸ ਦੇ ਲਾਪਰਵਾਹੀ ਨਾਲ ਦਿੱਤੇ ਬਿਆਨ ਪੁਲੀਸ ਵਿਭਾਗ ਦੇ ਅਨੁਸ਼ਾਸਨ ਦੇ ਪੂਰੀ ਤਰ੍ਹਾਂ ਵਿਰੁੱਧ ਸਨ। ਜ਼ਿਕਰਯੋਗ ਹੈ ਕਿ ਇਸ ਬਰਖ਼ਾਸਤ ਮਹਿਲਾ ਇੰਸਪੈਕਟਰ ਦੇ ਗੈਰ-ਜ਼ਿੰਮੇਵਾਰ ਮੀਡੀਆ ਬਿਆਨਾਂ ਸਦਕਾ ਪੁਲੀਸ ਵਿਭਾਗ ਨੂੰ ਭਾਰੀ ਨਮੋਸ਼ੀ ਝੱਲਣੀ ਪਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਸ ਨੂੰ ਨੌਕਰੀ ਤੋਂ ਲਾਂਭੇ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।

