ਨਵੀਂ ਦਿੱਲੀ ; ਰਿਐਲਿਟੀ ਸ਼ੋਅ Rise & Fall ਦੇ ਸੈੱਟ ’ਤੇ ਬਹਿਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ’ਤੇ ਉਨ੍ਹਾਂ ਦੇ ਸਹਿ-ਪ੍ਰਤੀਯੋਗੀ ਸਿਵੇਤ ਤੋਮਰ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ’ਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ Prime ਵੀਡੀਓ ’ਤੇ ਸਟਰੀਮ ਹੋ ਰਹੇ ਸ਼ੋਅ ਦੇ ਤਾਜ਼ਾ ਐਪੀਸੋਡ ਦੌਰਾਨ ਵਾਪਰੀ। ਸ਼ੋਅ ਵਿੱਚ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਅਤੇ ਸ਼ਹਿਜ਼ਾਦ ਪੂਨਾਵਾਲਾ ਵਿਚਕਾਰ ਵੱਖ-ਵੱਖ ਰਾਜਨੀਤਿਕ ਅਤੇ ਵਿਚਾਰਧਾਰਕ ਦ੍ਰਿਸ਼ਟੀਕੋਣਾਂ ਨੂੰ ਲੈ ਕੇ ਤਿੱਖੀ ਬਹਿਸ ਹੋ ਰਹੀ ਸੀ। ਇਸੇ ਦੌਰਾਨ ਜਦੋਂ ਪ੍ਰਤੀਯੋਗੀ ਸਿਵੇਤ ਤੋਮਰ ਵੀ ਇਸ ਬਹਿਸ ਵਿੱਚ ਕੁੱਦ ਪਏ ਤਾਂ ਮਾਮਲਾ ਹੋਰ ਵਿਗੜ ਗਿਆ। ਇੰਟਰਨੈੱਟ ’ਤੇ ਵਾਇਰਲ ਹੋ ਰਹੀ ਐਪੀਸੋਡ ਦੀ ਫੁਟੇਜ ਵਿੱਚ ਪੂਨਾਵਾਲਾ, ਸਿਵੇਤ ਤੋਮਰ ਦੇ ਸਰੀਰ ’ਤੇ ਬਣੇ ਇੱਕ ਟੈਟੂ ਵੱਲ ਇਸ਼ਾਰਾ ਕਰਦਿਆਂ ਸਵਰਾ ਭਾਸਕਰ ਦਾ ਪੱਖ ਪੂਰਨ ’ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਤੋਮਰ ਦੇ ਖੱਬੇ ਡੌਲੇ ’ਤੇ ਤ੍ਰਿਸ਼ੂਲ ਵਰਗਾ ਟੈਟੂ ਬਣਿਆ ਹੋਇਆ ਹੈ।
ਇਸੇ ਗੱਲ ਤੋਂ ਗੁੱਸੇ ਵਿੱਚ ਆ ਕੇ ਤੋਮਰ ਨੇ ਪੂਨਾਵਾਲਾ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਵੀਡੀਓ ਵਿੱਚ ਪੂਨਾਵਾਲਾ ਦਾ ਕੁੜਤਾ ਪਾੜਿਆ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਕਥਿਤ ਸਰੀਰਕ ਹਮਲੇ ਤੋਂ ਬਾਅਦ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਸਿਵੇਤ ਤੋਮਰ ਨੂੰ ਸ਼ੋਅ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਸਿਆਸੀ ਹਲਕਿਆਂ ’ਚੋਂ ਵੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਨੇ ਟਵੀਟ ਕਰਕੇ ਕਿਹਾ, “ਸ਼ਹਿਜ਼ਾਦ ਪੂਨਾਵਾਲਾ ਦੀ ਕੈਮਰੇ ਸਾਹਮਣੇ ਇਸ ਤਰ੍ਹਾਂ ਕੁੱਟਮਾਰ ਹੁੰਦੀ ਦੇਖਣਾ ਬਹੁਤ ਦੁਖਦ ਹੈ, ਮੈਂ ਇਸ ਦੀ ਪੁਰਜ਼ੋਰ ਨਿਖੇਧੀ ਕਰਦਾ ਹਾਂ।” ਇਸੇ ਤਰ੍ਹਾਂ ਭਾਰਤੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀਨਿਵਾਸ ਬੀ.ਵੀ. ਨੇ ਵੀ ਹਮਦਰਦੀ ਜਤਾਉਂਦਿਆਂ ਘਟਨਾ ਦੀ ਨਿੰਦਾ ਕੀਤੀ।
ਦੂਜੇ ਪਾਸੇ ਰਾਸ਼ਟਰੀ ਜਨਤਾ ਦਲ (RJD) ਦੀ ਕੌਮੀ ਤਰਜਮਾਨ ਪ੍ਰਿਅੰਕਾ ਭਾਰਤੀ ਨੇ ਤਨਜ਼ ਕੱਸਦਿਆਂ ਲਿਖਿਆ ਕਿ ਭਾਜਪਾ ਦੇ ਸਾਬਕਾ ਤਰਜਮਾਨ ਸ਼ਾਇਦ ਇਹ ਸੋਚ ਰਹੇ ਸਨ ਕਿ ਸ਼ੋਅ ਦਾ ਐਂਕਰ ਜਾਂ ਵਿਸ਼ਲੇਸ਼ਕ ਉਨ੍ਹਾਂ ਨੂੰ ਬਚਾਉਣ ਆਵੇਗਾ। ਫਿਲਹਾਲ ਇਹ ਮੁੱਦਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ

