ਲਹਿਰਾਗਾਗਾ : ਬੀਤੀ ਸ਼ਾਮ ਲਹਿਰਾਗਾਗਾ ਦੇ ਪਿੰਡ ਬਖੋਰਾ ਖ਼ੁਰਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਸੈਰ ਕਰ ਰਹੇ ਪੰਜ ਬੱਚਿਆਂ ਵੱਲ ਇੱਕ ਤੇਜ਼ ਰਫ਼ਤਾਰ ਆਲਟੋ ਕਾਰ ਆ ਗਈ। ਹਾਦਸੇ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਾਕੀ ਤਿੰਨ ਬੱਚੇ ਬਚ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਬੱਚੇ ਬਖੋਰਾ ਖ਼ੁਰਦ ਵਿਖੇ ਸੈਰ ਕਰ ਰਹੇ ਸਨ। ਇਸ ਦੌਰਾਨ ਬਖੋਰਾ ਕਲਾਂ ਵਾਲੇ ਪਾਸਿਓਂ ਆ ਰਹੀ ਆਲਟੋ ਕਾਰ ਬੱਚਿਆਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਲਹਿਰਾਗਾਗਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਇੱਕ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰ ਤੁਲੇਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਇੱਕ ਲੜਕੇ ਦੀ ਮੌਤ ਹੋ ਚੁੱਕੀ ਸੀ, ਜਦਕਿ ਜ਼ਖ਼ਮੀ ਲੜਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਸੰਗਰੂਰ ਰੈਫ਼ਰ ਕੀਤਾ ਗਿਆ। ਮ੍ਰਿਤਕ ਬੱਚੇ ਦੀ ਦੇਹ ਨੂੰ ਪੋਸਟਮਾਰਟਮ ਲਈ ਮੂਨਕ ਭੇਜਿਆ ਗਿਆ ਹੈ। ਚੋਟੀਆਂ ਚੌਂਕੀ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ। ਪੁਲੀਸ ਮੁਤਾਬਕ ਪੰਜ ਬੱਚੇ ਸੈਰ ਕਰਦੇ ਜਾ ਰਹੇ ਸਨ, ਜਿਨ੍ਹਾਂ ਨਾਲ ਆਲਟੋ ਕਾਰ ਦਾ ਹਾਦਸਾ ਵਾਪਰਿਆ। ਇਸ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖ਼ਮੀ ਹੋਈ। ਪੁਲੀਸ ਨੇ ਹਾਦਸਾਗ੍ਰਸਤ ਆਲਟੋ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦੋਂਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਵੱਲੋਂ ਚਾਲਕ ਦੀ ਭਾਲ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
Posted inSangrur
Lehragaga ਨੇੜੇ ਸੈਰ ਕਰ ਰਹੇ ਬੱਚਿਆਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਇੱਕ ਦੀ ਮੌਤ, ਇੱਕ ਜ਼ਖ਼ਮੀ

