Chief Election Commissioner ਖ਼ਿਲਾਫ਼ Congress ਦੇ ਦੇਸ਼ ਪੱਧਰੀ Protest

Chief Election Commissioner ਖ਼ਿਲਾਫ਼ Congress ਦੇ ਦੇਸ਼ ਪੱਧਰੀ Protest

ਨਵੀਂ ਦਿੱਲੀ : ਪੰਜਾਬ, ਹਰਿਆਣਾ, ਰਾਜਸਥਾਨ, ਨਵੀਂ ਦਿੱਲੀ ਅਤੇ ਬਿਹਾਰ ਸਣੇ ਦੇਸ਼ ਭਰ ’ਚ ਅੱਜ ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕਰਦਿਆਂ ਐੱਸ ਆਈ ਆਰ ਪ੍ਰਕਿਰਿਆ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਮੁੱਖ ਚੋਣ ਕਮਿਸ਼ਨਰ ਤੋਂ ਅਸਤੀਫ਼ਾ ਮੰਗਿਆ ਅਤੇ ਕੇਂਦਰ ਸਰਕਾਰ ’ਤੇ ‘ਵੋਟ ਚੋਰੀ’ ਦਾ ਦੋਸ਼ ਲਾਇਆ। ਕਾਂਗਰਸ ਵਰਕਰਾਂ ਨੇ ਆਗਰਾ ’ਚ ਮੁੱਖ ਚੋਣ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਕੰਧ ’ਤੇ ਇਤਰਾਜ਼ਯੋਗ ਨਾਅਰੇ ਵੀ ਲਿਖੇ। ਰਾਜਸਥਾਨ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅੱਜ ਕਥਿਤ ਵੋਟ ਚੋਰੀ ਦੇ ਮੁੱਦੇ ਅਤੇ ਵੋਟਰ ਸੂਚੀ ਵਿੱਚ ਗੜਬੜੀ ਦੇ ਦੋਸ਼ਾਂ ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਰਚ ਕੱਢਿਆ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਪ੍ਰਦਰਸ਼ਨ ਵਿੱਚ ਕਾਂਗਰਸ ਦੇ ਰਾਜਸਥਾਨ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੂਬਾਈ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਵਿਰੋਧੀ ਧਿਰ ਦੇ ਆਗੂ ਟੀਕਾਰਾਮ ਜੂਲੀ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਏ। ਆਗੂਆਂ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਵਰਕਰਾਂ ਨੇ ਰੋਸ ਮਾਰਚ ਸ਼ੁਰੂ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲੀਸ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ। ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਥਾਣੇ ਵਿੱਚ ਵੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਬਿਹਾਰ ਵਿੱਚ ਸੀ ਪੀ ਆਈ ਅਤੇ ਇਸ ਦੇ ਕਈ ਹੋਰ ਸਹਿਯੋਗੀ ਸੰਗਠਨਾਂ ਦੇ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, ਐੱਸ ਆਈ ਆਰ ਰੱਦ ਕਰਨ ਅਤੇ ਵਕਫ਼ ਸੋਧ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਲੋਕ ਭਵਨ ਵੱਲ ਮਾਰਚ ਕੀਤਾ ਜਿਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਡਾਕ ਬੰਗਲਾ ਕਰਾਸਿੰਗ ’ਤੇ ਉਨ੍ਹਾਂ ਦੇ ਮਾਰਚ ਨੂੰ ਰੋਕਣ ਲਈ ਲਾਏ ਗਏ ਬੈਰੀਕੇਡ ਤੋੜ ਦਿੱਤੇ ਜਿਸ ਮਰਗੋਂ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਤਾਮਿਲ ਨਾਡੂ, ਜੰਮੂ ਕਸ਼ਮੀਰ, ਕੇਰਲਮ, ਮਨੀਪੁਰ, ਉੱਤਰ ਪ੍ਰਦੇਸ਼ ਅਤੇ ਉੜੀਸਾ ’ਚ ਵੀ ਰੋਸ ਮੁਜ਼ਾਹਰੇ ਕੀਤੇ ਹਨ।

Share: