ਚੰਡੀਗੜ੍ਹ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਭਰ ਵਿੱਚ ਡੇਂਗੂ ਦੇ 451 ਅਤੇ ਚਿਕਨਗੁਨੀਆ ਦੇ 16 ਮਾਮਲੇ ਸਾਹਮਣੇ ਆਏ ਹਨ, ਜਦਕਿ ਹੁਣ ਤੱਕ ਡੇਂਗੂ ਨਾਲ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਸਿਹਤ ਅੰਕੜਿਆਂ ਦੀ ਸਮੀਖਿਆ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਕੀਤੇ ਗਏ ਪੁਖ਼ਤਾ ਰੋਕਥਾਮ ਇੰਤਜ਼ਾਮਾਂ ਕਾਰਨ ਇਸ ਸਾਲ ਪੰਜਾਬ ਵਿੱਚ ਡੇਂਗੂ ਨਾਲ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ।
ਸੂਬੇ ਵਿੱਚ 21 ਸਤੰਬਰ ਤੱਕ ਡੇਂਗੂ ਦੇ ਕੁੱਲ 1,00,414 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 64,049 ਸੈਂਪਲਾਂ ਦੀ ਜਾਂਚ ‘ਆਮ ਆਦਮੀ ਕਲੀਨਿਕਾਂ’ ਵਿਖੇ ਕੀਤੀ ਗਈ ਹੈ। ਜਾਂਚ ਦੌਰਾਨ ਮਹਿਜ਼ 0.45 ਫ਼ੀਸਦੀ ਪੋਜ਼ੇਟਿਵ ਦਰ ਨਾਲ 451 ਮਾਮਲੇ ਹੀ ਸਾਹਮਣੇ ਆਏ ਹਨ। ਲੁਧਿਆਣਾ, ਕਪੂਰਥਲਾ, ਫ਼ਰੀਦਕੋਟ ਅਤੇ ਤਰਨ ਤਾਰਨ ਅਜਿਹੇ ਜ਼ਿਲ੍ਹੇ ਹਨ ਜਿੱਥੇ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ। ਸਿਹਤ ਮੰਤਰੀ ਨੇ ਅੰਮ੍ਰਿਤਸਰ ਅਤੇ ਜਲੰਧਰ ਵੱਲੋਂ ਵੱਡੇ ਪੱਧਰ ’ਤੇ ਡੇਂਗੂ ਸੈਂਪਲਿੰਗ ਕਰਨ ਦੀ ਸ਼ਲਾਘਾ ਕੀਤੀ ਅਤੇ ਸੂਬੇ ’ਚ ਸਾਹਮਣੇ ਆਏ ਚਿਕਨਗੁਨੀਆ ਦੇ 16 ਮਾਮਲਿਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਡਾਇਰੈਕਟੋਰੇਟ ਆਫ਼ ਹੈਲਥ ਸਰਵਿਸਿਜ਼ (DHS) ਵਿਖੇ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਮੱਛਰਾਂ ਅਤੇ ਦੂਸ਼ਿਤ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ, ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਸਪੈਸ਼ਲ ਸਕੱਤਰ ਸਿਹਤ-ਕਮ-ਐੱਮ.ਡੀ. (PHSC) ਸਾਕਸ਼ੀ ਸਾਹਨੀ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅਦਿਤੀ ਸਲਾਰੀਆ, ਡਿਪਟੀ ਡਾਇਰੈਕਟਰ ਡਾ. ਰੋਹਿਣੀ ਗੋਇਲ, ਸਹਾਇਕ ਡਾਇਰੈਕਟਰ ਡਾ. ਮਨਮੀਤ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ ਸਮੇਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਐਪੀਡੇਮੋਲੋਜਿਸਟ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ।
ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ, “ਅਸੀਂ ਸਿਰਫ਼ ਡੇਂਗੂ ਮਾਮਲਿਆਂ ਦੀ ਨਿਗਰਾਨੀ ਤੱਕ ਸੀਮਤ ਨਹੀਂ ਹਾਂ, ਸਗੋਂ ਸਾਡੀ ਮੁੱਖ ਪਹਿਲਕਦਮੀ ਡੇਂਗੂ ਦੇ ਲਾਰਵੇ ਦੀ ਪਛਾਣ ਕਰਕੇ ਉਸ ਨੂੰ ਨਸ਼ਟ ਕਰਨ ਦੀ ਹੈ।” ਉਨ੍ਹਾਂ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਨਿਯਮਤ ਸਮੀਖਿਆ ਕਰਨ, ਹੌਟਸਪੌਟ ਇਲਾਕਿਆਂ ਵਿੱਚ ਫੀਲਡ ਸਰਵੇਖਣ ਤੇਜ਼ ਕਰਨ ਅਤੇ ਐਪੀਡੇਮੋਲੋਜੀ ਟੀਮਾਂ ਦੇ ਦੌਰੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਘਰ-ਘਰ ਜਾ ਕੇ ਲਾਰਵਾ ਚੈੱਕ ਕਰਨ ਦੀ ਮੁਹਿੰਮ ’ਚ ਸ਼ਾਮਲ ਕਰਨ ਲਈ ਕਿਹਾ ਅਤੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਇਸ ਕੰਮ ਲਈ ਬਣਦਾ ਮਿਹਨਤਾਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੀ ਸ਼ਲਾਘਾ ਕੀਤੀ ਜਿੱਥੇ 100 ਫ਼ੀਸਦੀ ਨਰਸਿੰਗ ਵਿਦਿਆਰਥੀ ਇਸ ਅਭਿਆਨ ਵਿੱਚ ਯੋਗਦਾਨ ਪਾ ਰਹੇ ਹਨ।
ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ (ਜਿਵੇਂ ਡਾਇਰੀਆ, ਹੈਜ਼ਾ ਅਤੇ ਹੈਪੇਟਾਈਟਸ) ਬਾਰੇ ਚਰਚਾ ਕਰਦਿਆਂ ਸਿਹਤ ਮੰਤਰੀ ਨੇ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਤਿੱਖੀ ਨਜ਼ਰ ਰੱਖਣ, ਲੀਕੇਜ ਵਾਲੀਆਂ ਪਾਈਪਾਂ ਨੂੰ ਤੁਰੰਤ ਠੀਕ ਕਰਨ ਅਤੇ ਹਸਪਤਾਲਾਂ ਵਿੱਚ ਓ.ਆਰ.ਐੱਸ., ਆਈ.ਵੀ. ਫਲੂਇਡਜ਼, ਕਲੋਰੀਨ ਦੀਆਂ ਗੋਲੀਆਂ ਤੇ ਹੋਰ ਜ਼ਰੂਰੀ ਦਵਾਈਆਂ ਦਾ ਸਟੌਕ ਤਿਆਰ ਰੱਖਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ‘ਮੁੱਖ ਮੰਤਰੀ ਸਿਹਤ ਯੋਜਨਾ’ (MMSY) ਦੇ ਕਾਰਡਾਂ ਦੀ ਵੰਡ ਲਈ ਪਿੰਡ ਅਤੇ ਮੁਹੱਲਾ ਪੱਧਰ ’ਤੇ ਸਮਾਗਮ ਉਲੀਕਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਤਾਂ ਜੋ ਪੰਜਾਬ ਨੂੰ ਬਿਮਾਰੀ ਮੁਕਤ ਰੱਖਿਆ ਜਾ ਸਕੇ।

