CM Yogshala Punjab: ਤੰਦਰੁਸਤੀ ਦੀ ਰਾਹ ਸੀ ਐੱਮ ਦੀ ਯੋਗਸ਼ਾਲਾ

CM Yogshala Punjab: ਤੰਦਰੁਸਤੀ ਦੀ ਰਾਹ ਸੀ ਐੱਮ ਦੀ ਯੋਗਸ਼ਾਲਾ

ਅਜੋਕੇ ਭੱਜ-ਦੌੜ ਭਰੇ ਯੁੱਗ ਵਿੱਚ ਮਨੁੱਖੀ ਸਿਹਤ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਨਰੋਆ ਬਣਾਉਣ ਦੇ ਮਕਸਦ ਨਾਲ ‘ਸੀ ਐੱਮ ਦੀ ਯੋਗਸ਼ਾਲਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਤਹਿਤ ਸ਼ੁਰੂ ਕੀਤੀ ਗਈ ਇਹ ਲੋਕ-ਪੱਖੀ ਪਹਿਲਕਦਮੀ ਅੱਜ ਪੰਜਾਬ ਦੇ ਘਰ-ਘਰ ਵਿੱਚ ਤੰਦਰੁਸਤੀ ਦਾ ਸੁਨੇਹਾ ਲੈ ਕੇ ਪਹੁੰਚ ਰਹੀ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਾਚੀਨ ਯੋਗ ਪਰੰਪਰਾ ਨੂੰ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਹੈ ਤਾਂ ਕਿ ਹਰ ਵਰਗ ਦਾ ਨਾਗਰਿਕ ਬਿਨਾਂ ਕਿਸੇ ਆਰਥਿਕ ਬੋਝ ਦੇ ਸਿਹਤਮੰਦ ਜੀਵਨ ਬਤੀਤ ਕਰ ਸਕੇ। ਇਸ ਯੋਜਨਾ ਤਹਿਤ ਪੰਜਾਬ ਦੇ ਚੱਪੇ-ਚੱਪੇ ਯਾਨੀ ਕਿ ਸੂਬੇ ਦੇ ਸਮੂਹ ਜ਼ਿਲ੍ਹਿਆਂ, ਬਲਾਕਾਂ, ਕਸਬਿਆਂ ਅਤੇ ਪਿੰਡਾਂ ਵਿੱਚ ਸਵੇਰ ਤੇ ਸ਼ਾਮ ਸਮੇਂ ਮੁਫ਼ਤ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ।

ਸੂਬੇ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਮ ਨਾਗਰਿਕ ਇਸ ਮੁਹਿੰਮ ਨਾਲ ਜੁੜ ਕੇ ਨਿੱਜੀ ਤੌਰ ’ਤੇ ਲਾਹਾ ਲੈ ਰਹੇ ਹਨ। ਸਰਕਾਰ ਵੱਲੋਂ ਇਸ ਕਾਰਜ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਵਿਸ਼ੇਸ਼ ਤੌਰ ’ਤੇ ਤਜਰਬੇਕਾਰ ਅਤੇ ਪ੍ਰਮਾਣਿਤ ਯੋਗਾ ਅਧਿਆਪਕਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਮਾਹਿਰ ਟੀਮਾਂ ਲੋਕਾਂ ਨੂੰ ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵੱਖ-ਵੱਖ ਵਿਧੀਆਂ ਬਾਰੇ ਵਿਸਤਾਰ ਨਾਲ ਸਿਖਲਾਈ ਦਿੰਦੀਆਂ ਹਨ।

ਵਿਸ਼ੇਸ਼ ਤੌਰ ’ਤੇ ਤਣਾਅ, ਹਾਈਪਰਟੈਂਸ਼ਨ, ਜੋੜਾਂ ਦੇ ਦਰਦ ਅਤੇ ਮਾਨਸਿਕ ਥਕਾਵਟ ਵਰਗੀਆਂ ਆਮ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਸ ਯੋਗਸ਼ਾਲਾ ਰਾਹੀਂ ਵੱਡੀ ਰਾਹਤ ਮਿਲ ਰਹੀ ਹੈ। ਬੱਚੇ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ, ਸਭ ਵਰਗਾਂ ਦੇ ਲੋਕ ਇਸ ਮੁਹਿੰਮ ਦਾ ਬਿਨਾਂ ਕਿਸੇ ਭੇਦਭਾਵ ਦੇ ਹਿੱਸਾ ਬਣ ਰਹੇ ਹਨ। ਪ੍ਰਾਚੀਨ ਯੋਗ ਅਤੇ ਧਿਆਨ ਦੇ ਸੁਮੇਲ ਨਾਲ ਲੋਕਾਂ ਦੀ ਰੋਜ਼ਾਨਾ ਦੀ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਤਬਦੀਲੀਆਂ ਆ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੋ ਰਿਹਾ ਹੈ।

ਪੰਜਾਬ ਸਰਕਾਰ ਨੇ ਇਸ ਲੋਕ-ਪੱਖੀ ਯੋਜਨਾ ਨੂੰ ਜਨਤਾ ਲਈ ਬਹੁਤ ਹੀ ਸਰਲ, ਪਹੁੰਚਯੋਗ ਅਤੇ ਸੁਵਿਧਾਜਨਕ ਬਣਾਇਆ ਹੈ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਕਿਸੇ ਮੁਸ਼ਕਿਲ ਤੋਂ ਇਸ ਦਾ ਲਾਹਾ ਲੈ ਸਕੇ। ਜੇਕਰ ਕਿਸੇ ਇਲਾਕੇ ਵਿੱਚ ਲੋਕ ਯੋਗ ਸਿਖਲਾਈ ਲੈਣਾ ਚਾਹੁੰਦੇ ਹਨ ਅਤੇ ਉਨ੍ਹਾਂ ਕੋਲ ਅਭਿਆਸ ਲਈ ਢੁਕਵੀਂ ਥਾਂ ਦੇ ਨਾਲ-ਨਾਲ ਘੱਟੋ-ਘੱਟ 25 ਮੈਂਬਰਾਂ ਦਾ ਇੱਕ ਸਮੂਹ ਮੌਜੂਦ ਹੈ ਤਾਂ ਉਹ ਸਰਕਾਰ ਵੱਲੋਂ ਮੁਫ਼ਤ ਯੋਗਾ ਇੰਸਟਰਕਟਰ ਦੀ ਸੇਵਾ ਹਾਸਲ ਕਰ ਸਕਦੇ ਹਨ।

ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਰਜਿਸਟ੍ਰੇਸ਼ਨ ਲਈ ਸਰਕਾਰ ਵੱਲੋਂ ਟੌਲ ਫਰੀ ਨੰਬਰ 76694-00500 ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਅਧਿਕਾਰਤ ਵੈੱਬਸਾਈਟ https://cmdiyogshala.punjab.gov.in ਵੀ ਉਪਲਬਧ ਕਰਵਾਈ ਗਈ ਹੈ, ਜਿੱਥੇ ਆਸਾਨੀ ਨਾਲ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਸੰਖੇਪ ਵਿੱਚ ਕਿਹਾ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਿਹਾ ‘ਸੀ ਐੱਮ ਦੀ ਯੋਗਸ਼ਾਲਾ’ ਪ੍ਰੋਗਰਾਮ ਸੂਬੇ ਵਿੱਚ ਤੰਦਰੁਸਤੀ ਦੀ ਇੱਕ ਨਵੀਂ ਇਬਾਰਤ ਲਿਖ ਰਿਹਾ ਹੈ।

Share: