E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ’ਚ ਕਿਹਾ ਕਿ 1 ਅਪਰੈਲ 2005 ਤੋਂ ਲਾਗੂ ਹੋਏ ਅਤੇ 2016 ਤੋਂ ਪਹਿਲਾਂ ਬਣੇ ਬੀ ਐੱਸ-III ਵਾਹਨਾਂ ਵਿੱਚ ਈ20 ਪੈਟਰੋਲ (20 ਫ਼ੀਸਦੀ ਈਥਾਨੌਲ ਮਿਸ਼ਰਣ ਵਾਲੇ ਪੈਟਰੋਲ) ਦੀ ਵਰਤੋਂ ਦੌਰਾਨ ਕੁਝ ਰਬੜ ਦੇ ਪੁਰਜ਼ਿਆਂ ’ਤੇ ਅਸਰ ਪੈ ਸਕਦਾ ਹੈ ਅਤੇ ਗੈਸਕਿਟ ਬਦਲਣ ਦੀ ਲੋੜ ਪੈ ਸਕਦੀ ਹੈ। ਇਹ ਕੰਮ ਵਾਹਨ ਦੀ ਆਮ ਸਰਵਿਸ ਦੌਰਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਗਡਕਰੀ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ, ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕੀਤੇ ਅਧਿਐਨਾਂ ਵਿੱਚ ਪਤਾ ਚਲਿਆ ਹੈ ਕਿ ਈ20 ਈਂਧਣ ਨਾਲ ਕਾਰਾਂ ਅਤੇ ਦੁਪਹੀਆ ਵਾਹਨਾਂ ਦੇ ਇੰਜਣ ਵਿੱਚ ਕਿਸੇ ਤਰ੍ਹਾਂ ਦੀ ਸੋਧ ਦੀ ਲੋੜ ਨਹੀਂ ਹੈ। ਪੁਰਾਣੇ ਵਾਹਨਾਂ ਦੀ ਕਾਰਗੁਜ਼ਾਰੀ, ਇੰਜਣ ਦੀ ਘਸਾਈ, ਇੰਜਣ ਚਾਲੂ ਕਰਨ, ਵਾਹਨ ਚਲਾਉਣ, ਧਾਤ ਜਾਂ ਪਲਾਸਟਿਕ ਹਿੱਸਿਆਂ ’ਤੇ ਵੀ ਵੱਡੇ ਨਕਾਰਾਤਮਕ ਅਸਰ ਦਾ ਪਤਾ ਨਹੀਂ ਚਲਿਆ ਹੈ। ਉਨ੍ਹਾਂ ਕਿਹਾ ਕਿ ਵਾਹਨ ਦੀ ਮਾਈਲੇਜ ਸਿਰਫ਼ ਈਂਧਣ ’ਤੇ ਨਹੀਂ, ਸਗੋਂ ਡਰਾਈਵਿੰਗ ਦੇ ਤਰੀਕਿਆਂ, ਸੜਕਾਂ ਦੀ ਹਾਲਤ, ਰੱਖ-ਰਖਾਅ ਅਤੇ ਹੋਰ ਕਈ ਗੱਲਾਂ ’ਤੇ ਨਿਰਭਰ ਕਰਦੀ ਹੈ।

ਸਰਕਾਰ ਟਾਊਨ ਹਾਲ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ’ਚ: ਕੇਜਰੀਵਾਲ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਪੁਲੀਸ ਰਾਹੀਂ 1 ਅਗਸਤ ਨੂੰ ਹੋਣ ਵਾਲੇ ‘ਨੈਸ਼ਨਲ ਟਾਊਨ ਹਾਲ ਅਗੇਂਸਟ ਈ20’ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪੁਲੀਸ ਨੇ ਕਾਂਸਟੀਟਿਊਸ਼ਨ ਕਲੱਬ ਨੂੰ ਸਮਾਗਮ ਰੱਦ ਕਰਨ ਲਈ ਕਿਹਾ ਸੀ, ਪਰ ਕਲੱਬ ਨੇ ਫੀਸ ਜਮ੍ਹਾਂ ਹੋਣ ਦਾ ਹਵਾਲਾ ਦਿੰਦਿਆਂ ਪ੍ਰੋਗਰਾਮ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਅਦ ਵਿੱਚ ਪੁਲੀਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਇਜਾਜ਼ਤ ਲੈਣ ਲਈ ਕਿਹਾ। ‘ਆਪ’ ਆਗੂ ਨੇ ਕਿਹਾ ਕਿ ਇਹ ਇਨਡੋਰ ਪ੍ਰੋਗਰਾਮ ਹੈ ਅਤੇ ਇਸ ਲਈ ਪੁਲੀਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਆਮ ਆਦਮੀ ਪਾਰਟੀ ਈ20 ਪੈਟਰੋਲ ਨੀਤੀ ਦਾ ਵਿਰੋਧ ਕਰ ਰਹੀ ਹੈ। ਪੁਲੀਸ ਵੱਲੋਂ ਇਨ੍ਹਾਂ ਦੋਸ਼ਾਂ ’ਤੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Share: