ਮਾਨਸਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ਵਿੱਚ ਪਿੱਤੇ (ਗੌਲ ਬਲੈਡਰ) ਦੇ ਅਪਰੇਸ਼ਨਾਂ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਟੇਟ ਸਿਹਤ ਏਜੰਸੀ ਵੱਲੋਂ ਯੂਨਾਈਟਿਡ ਇੰਡੀਆ ਇਸ਼ੋਰੈਂਸ ਕੰਪਨੀ ਲਿਮਟਿਡ ਦੇ ਖੇਤਰੀ ਮੈਨੇਜਰ ਨੂੰ ਭੇਜੇ ਪੱਤਰ ਵਿੱਚ ਨਿੱਜੀ ਹਸਪਤਾਲਾਂ ’ਚ ਇਹ ਸਹੂਲਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੱਤਰ ਅਨੁਸਾਰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਪੈਕੇਜਾਂ ਨੂੰ ਮੁੜ ਰਾਖਵਾਂ ਕੀਤਾ ਗਿਆ ਹੈ। ਸਮਰੱਥ ਅਥਾਰਟੀ ਦੀ ਮਨਜ਼ੂਰੀ ਅਨੁਸਾਰ ਸੇਵਾਵਾਂ 29 ਜੁਲਾਈ ਤੋਂ ਸਿਰਫ਼ ਸਰਕਾਰੀ ਅਤੇ ਜਨਤਕ ਹਸਪਤਾਲਾਂ ਲਈ ਮੁੜ ਰਾਖਵੀਆਂ ਕੀਤੀਆਂ ਜਾਂਦੀਆਂ ਹਨ। ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪੈਕੇਜਾਂ ਤਹਿਤ ਕਿਸੇ ਵੀ ਨਿੱਜੀ ਹਸਪਤਾਲਾਂ ਵਿੱਚ ਪਿੱਤੇ ਦੇ ਅਪਰੇਸ਼ਨਾਂ ਦੀ ਸਹੂਲਤ ਸਬੰਧੀ ਕੋਈ ਬੇਨਤੀ ਮਨਜ਼ੂਰ ਨਾ ਕੀਤੀ ਜਾਵੇ।
ਮਾਨਸਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਾਨਿਕਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਪੁਖਤਾ ਜਾਣਕਾਰੀ ਨਹੀਂ ਹੈ ਅਤੇ ਉਹ ਇਸ ਬਾਰੇ ਪਤਾ ਕਰਨਗੇ। ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਸਿਹਤ ਸਹੂਲਤ ਕਰਨ ’ਤੇ ਵਿਰੋਧੀ ਧਿਰਾਂ ਨੂੰ ‘ਆਪ’ ਨੂੰ ਘੇਰਿਆ। ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਲੋਕ ਭਲਾਈ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।

