ਚੰਡੀਗਡ਼੍ਹ : ਡੈਮਾਂ ’ਚ ਐਤਕੀਂ ਪਾਣੀ ਦਾ ਪੱਧਰ ਘਟਣਾ ਪੰਜਾਬ ਲਈ ਖ਼ਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ’ਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਤੇ ਅਸਲ ਵਿੱਚ ਪਏ ਮੀਂਹ ’ਚ ਵੱਡਾ ਖੱਪਾ ਹੈ। ਪਿਛਲੇ ਵੀਹ ਸਾਲਾਂ ਦੀ ਔਸਤ ਨਾਲੋਂ ਐਤਕੀਂ ਹੁਣ ਤੱਕ ਘੱਟ ਮੀਂਹ ਪਏ ਹਨ। ਮੌਸਮ ਵਿਭਾਗ ਨੇ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਕੋਈ ਪੇਸ਼ੀਨਗੋਈ ਨਹੀਂ ਕੀਤੀ ਹੈ। ਹਾਲਾਤ ਇੰਜ ਹੀ ਰਹੇ ਤਾਂ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਭਾਰਤ ’ਚ ਆਮ ਨਾਲੋਂ 8 ਫ਼ੀਸਦੀ ਘੱਟ ਮੀਂਹ ਪਿਆ ਹੈ। ਪੰਜਾਬ ਵਿੱਚ ਜੂਨ ਮਹੀਨੇ ਆਮ ਨਾਲੋਂ 46 ਫ਼ੀਸਦੀ ਘੱਟ ਮੀਂਹ ਪਿਆ। ਆਮ ਮੀਂਹ 54.5 ਮਿਲੀਮੀਟਰ ਦੇ ਮੁਕਾਬਲੇ ਜੂਨ ਮਹੀਨੇ ’ਚ 29.5 ਮਿਲੀਮੀਟਰ ਹੀ ਪਿਆ ਹੈ। ਜੁਲਾਈ ਮਹੀਨੇ ’ਚ ਅੱਜ ਤੱਕ ਆਮ ਨਾਲੋਂ 24 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। 150 ਮਿਲੀਮੀਟਰ ਦੇ ਮੁਕਾਬਲੇ ਜੁਲਾਈ ’ਚ 113.3 ਮਿਲੀਮੀਟਰ ਮੀਂਹ ਪਿਆ ਹੈ।
ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਰੋਕੂ ਪ੍ਰਬੰਧਾਂ ਤੋਂ ਹਟ ਕੇ ਪਾਣੀ ਦੀ ਸਖ਼ਤ ਬੱਚਤ ਅਤੇ ਰਾਸ਼ਨਿੰਗ ਵੱਲ ਧਿਆਨ ਦੇਣਾ ਪੈ ਸਕਦਾ ਹੈ। ਸੂਬਾ ਸਰਕਾਰ ਝੋਨੇ ਦੇ ਸੀਜ਼ਨ ਲਈ ਨਹਿਰਾਂ ਭਰ ਕੇ ਚਲਾ ਰਹੀ ਹੈ। ਅਗਸਤ ਮਹੀਨਾ ਸੁੱਕਾ ਲੰਘ ਗਿਆ ਤਾਂ ਨਹਿਰੀ ਪਾਣੀ ’ਚ ਕਟੌਤੀ ਕੀਤੇ ਬਿਨਾਂ ਕੋਈ ਚਾਰਾ ਨਹੀਂ ਬਚਦਾ। ਪਾਣੀ ਦਾ ਪੱਧਰ ਘਟਣ ਕਰ ਕੇ ਬਿਜਲੀ ਪੈਦਾਵਾਰ ’ਤੇ ਵੀ ਅਸਰ ਪਵੇਗਾ। ਇਸ ਵੇਲੇ ਭਾਖੜਾ ਡੈਮ ’ਚ ਸਮਰੱਥਾ ਦੇ ਮੁਕਾਬਲੇ ਸਿਰਫ਼ 41 ਫ਼ੀਸਦੀ ਪਾਣੀ ਹੈ।
ਭਾਖੜਾ ਡੈਮ ’ਚ ਪਿਛਲੇ ਸਮਿਆਂ ਦੌਰਾਨ 33 ਫੀਸਦੀ ਨਾਲ ਸਭ ਤੋਂ ਘੱਟ ਸਮਰੱਥਾ ਸਾਲ 2021 ’ਚ ਰਹੀ ਹੈ। ਪੌਂਗ ਡੈਮ ’ਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ 40 ਫ਼ੀਸਦੀ ਪਾਣੀ ਹੈ। ਰਣਜੀਤ ਸਾਗਰ ਡੈਮ ਦੀ ਸਥਿਤੀ ਥੋੜ੍ਹੀ ਚੰਗੀ ਹੈ ਜਿੱਥੇ ਸਮਰੱਥਾ ਦਾ 40 ਫ਼ੀਸਦੀ ਪਾਣੀ ਹੈ। ਅਜਿਹੇ ਹਾਲਾਤ ’ਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਅਗਸਤ ਦੌਰਾਨ ਪੈਣ ਵਾਲੇ ਮੀਂਹ ’ਤੇ ਨਜ਼ਰ ਰਹੇਗੀ।

