ਚੰਡੀਗੜ੍ਹ : ਅਸਾਮ ਵਿੱਚ ਕੁਦਰਤ ਦੇ ਕਹਿਰ ਕਾਰਨ ਆਏ ਹੜ੍ਹਾਂ ਨੇ ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। 75 ਦੇ ਕਰੀਬ ਲੋਕ ਆਪਣੀ ਜਾਣ ਗੁਆ ਚੁੱਕੇ ਹਨ, ਅਤੇ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ, ਇਸ ਔਖੀ ਘੜੀ ਵਿੱਚ ਪੰਜਾਬੀਆਂ ਨੇ ਇੱਕ ਵਾਰ ਫਿਰ ‘ਸਰਬੱਤ ਦੇ ਭਲੇ’ ਅਤੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਪੰਜਾਬ ਤੋਂ ਵੱਖ-ਵੱਖ ਸਮਾਜਿਕ ਸੰਸਥਾਵਾਂ, ਨੌਜਵਾਨਾਂ ਅਤੇ ਸੇਵਾਦਾਰਾਂ ਦੀਆਂ ਟੀਮਾਂ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਸ਼ਿਵਸਾਗਰ, ਚਰਾਈਦੇਓ ਅਤੇ ਡਿਬਰੂਗੜ੍ਹ ਵਿੱਚ ਪਹੁੰਚ ਕੇ ਰਾਹਤ ਕਾਰਜਾਂ ਵਿੱਚ ਦਿਨ-ਰਾਤ ਜੁੱਟੀਆਂ ਹੋਈਆਂ ਹਨ। ਪੰਜਾਬ ਦੇ ਨੌਜਵਾਨ ਹੜ੍ਹ ਦੇ ਪਾਣੀ ਵਿੱਚ ਉੱਤਰ ਕੇ ਲੋਕਾਂ ਤੱਕ ਸੁੱਕਾ ਰਾਸ਼ਨ, ਪੀਣ ਵਾਲਾ ਸਾਫ਼ ਪਾਣੀ, ਦਵਾਈਆਂ ਅਤੇ ਜ਼ਰੂਰੀ ਵਸਤੂਆਂ ਪਹੁੰਚਾ ਰਹੇ ਹਨ। ਪ੍ਰਭਾਵਿਤ ਇਲਾਕਿਆਂ ਵਿੱਚੋਂ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਪੰਜਾਬੀ ਸੇਵਾਦਾਰਾਂ ਵੱਲੋਂ ਕਿਸ਼ਤੀਆਂ ਰਾਹੀਂ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਗੁਰਦੁਆਰਾ ਸਾਹਿਬਾਨ ਤੋਂ ਲੰਗਰ ਅਤੇ ਮੈਡੀਕਲ ਸੇਵਾਵਾਂ ਸ਼ੁਰੂ
ਅਸਾਮ ਦੇ ਸ਼ਿਵਸਾਗਰ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਅਤੇ ਪੰਜਾਬ ਤੋਂ ਪਹੁੰਚੀਆਂ ਟੀਮਾਂ ਵੱਲੋਂ ਹਰ ਰੋਜ਼ ਹਜ਼ਾਰਾਂ ਪ੍ਰਭਾਵਿਤ ਲੋਕਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਾਣੀ ਕਾਰਨ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਡਾਕਟਰੀ ਟੀਮਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਸਥਾਨਕ ਅਸਾਮੀ ਲੋਕਾਂ ਵੱਲੋਂ ਪੰਜਾਬ ਦੇ ਇਸ ਭਾਈਚਾਰਕ ਸਾਂਝ ਅਤੇ ਹਮਦਰਦੀ ਦੇ ਜਜ਼ਬੇ ਦੀ ਭੂਰੀ-ਭੂਰੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਦੇਸ਼ ਦੇ ਕਿਸੇ ਕੋਨੇ ’ਚ ਕੋਈ ਆਫ਼ਤ ਆਉਂਦੀ ਹੈ, ਤਾਂ ਪੰਜਾਬੀ ਸਭ ਤੋਂ ਅੱਗੇ ਹੋ ਕੇ ਮਦਦ ਦਾ ਹੱਥ ਵਧਾਉਂਦੇ ਹਨ।
ਇੰਟਰਨੈੱਟ ’ਤੇ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਸ਼ਲਾਘਾ
ਇੰਸਟਾਗ੍ਰਾਮ ’ਤੇ ਇਨ੍ਹਾਂ ਰਾਹਤ ਕਾਰਜਾਂ ਦੀਆਂ ਵੀਡੀਓਜ਼ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਨੇਟੀਜ਼ਨਜ਼ ਪੰਜਾਬ ਦੇ ਨੌਜਵਾਨਾਂ ਦੀ ਸੇਵਾ ਭਾਵਨਾ ਨੂੰ ਸਲਾਮ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਵੀਡੀਓਜ਼ ਇਨਸਾਨੀਅਤ ਅਤੇ ਪੰਜਾਬੀਅਤ ਦੀ ਇੱਕ ਜਿਊਂਦੀ-ਜਾਗਦੀ ਤਸਵੀਰ ਹਨ।
