ਚੰਡੀਗੜ੍ਹ- ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਸਮੂਹ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕਰਨ ਦੀ ਸਫਲਤਾ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ 2.5 ਕਿਲੋ ਆਰਡੀਐਕਸ, ਇੱਕ ਡੈਟੋਨੇਟਰ, ਕੋਡੈਕਸ ਤਾਰ, ਤਾਰਾਂ ਸਮੇਤ ਪੰਜ ਵਿਸਫੋਟਕ ਫਿਊਜ਼, ਏਕੇ 47 ਅਸਾਲਟ ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਜਾਨਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵੀਕੇ ਭਾਵਰਾ ਨੇ ਦੱਸਿਆ ਕਿ ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਦੋਸ਼ੀ ਅਮਨਦੀਪ ਕੁਮਾਰ ਉਰਫ਼ ਮੰਤਰੀ ਦੇ ਇਕਬਾਲੀਆ ਬਿਆਨ `ਤੇ ਕੀਤੀ ਗਈ ਹੈ, ਜੋ ਕਿ ਪਠਾਨਕੋਟ ਵਿੱਚ ਹਾਲ ਹੀ ਵਿੱਚ ਵਾਪਰੇ ਗ੍ਰੇਨੇਡ ਹਮਲਿਆਂ ਦੀਆਂ ਦੋ ਘਟਨਾਵਾਂ ਦਾ ਮੁੱਖ ਮੁਲਜ਼ਮ ਹੈ।
ਜਿਕਰਯੋਗ ਹੈ ਕਿ, ਅਮਨਦੀਪ ਉਰਫ ਮੰਤਰੀ ਸੋਮਵਾਰ ਨੂੰ ਐਸਬੀਐਸ ਨਗਰ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਆਈਐਸਵਾਈਐਫ ਦੇ ਛੇ ਕਾਰਕੁੰਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ ਵਿੱਚ ਦੋ ਗ੍ਰਨੇਡ ਹਮਲੇ ਕਰਨ ਦੀ ਗੱਲ ਕਬੂਲੀ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗਰਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (.30 ਬੋਰ) ਦੇ ਨਾਲ-ਨਾਲ ਜਿੰਦਾ ਕਾਰਤੂਸ ਅਤੇ ਮੈਗਜ਼ੀਨ ਵੀ ਬਰਾਮਦ ਕੀਤੇ ਸਨ।