ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ‘ਚ ਬੱਸ ਸੇਵਾ ਪ੍ਰਭਾਵਿਤ; ਮੁਸਾਫਰ ਖੱਜਲ-ਖੁਆਰ

ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ‘ਚ ਬੱਸ ਸੇਵਾ ਪ੍ਰਭਾਵਿਤ; ਮੁਸਾਫਰ ਖੱਜਲ-ਖੁਆਰ

ਪਟਿਆਲਾ : ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ  ਮੰਗਾਂ ਦੀ ਪੂਰਤੀ ਨੂੰ ਲੈ ਕੇ  ਸੂਬਾ ਆਗੂ ਹਰਕੇਸ਼ ਵਿੱਕੀ (ਪਟਿਆਲਾ) ਦੀ ਅਗਵਾਈ ਅਧੀਨ ਹੜਤਾਲ ਕੀਤੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਖਾਸ ਕਰਕੇ ਆਧਾਰ ਕਾਰਡ ਦੇ ਤਹਿਤ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਜ਼ਿਆਦ ਪਰੇਸ਼ਾਨੀ ਝੱਲਣੀ ਪਈ।

ਇਸ ਮੌਕੇ ਯੂਨੀਅਨ ਵੱਲੋਂ ਪੀਆਰਟੀਸੀ ਦੀਆਂ 1300 ਵਿੱਚੋਂ ਅੱਧ ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਬਦਲਵੇ ਪ੍ਰਬੰਧਾਂ ਦੇ ਤਹਿਤ ਵੱਧ ਤੋਂ ਵੱਧ ਬੱਸਾਂ ਚਲਾਈਆਂ ਜਾ ਰਹੀਆਂ ਹਨ।

ਜਿਕਰਯੋਗ ਹੈ ਕਿ ਯੂਨੀਅਨ ਅਤੇ ਮੈਨੇਜਮੇਂਟ ਦਰਮਿਆਨ ਇਹ ਰੱਫੜ ਯੂਨੀਅਨ ਦੇ ਸੂਬਾਈ ਚੇਅਰਮੈਨ ਗੁਰਿੰਦਰ ਸਿੰਘ ਗੁਰੀ ਦੀ ਬਰਖਾਸਤਗੀ ਨੂੰ ਲੈ ਕੇ ਪਿਆ। ਬੀਤੇ ਦਿਨ ਚੱਲੀਆਂ ਮੀਟਿੰਗਾਂ ਦੌਰਾਨ ਵੀ ਜਦੋਂ ਮੈਨੇਜਮੈਂਟ ਵੱਲੋਂ ਯੂਨੀਅਨ ਆਗੂ ਦੀ ਬਹਾਲੀ ਲਈ ਹਾਮੀ ਨਾ ਭਰੀ ਗਈ ਤਾਂ ਸੂਬਾ ਆਗੂ ਹਰਕੇਸ਼ ਵਿੱਕੀ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਭਾਵੇਂ ਕਿ ਹੜਤਾਲ ਕੱਲ੍ਹ ਹੀ ਐਲਾਨ ਦਿੱਤੀ ਗਈ ਸੀ, ਪ੍ਰੰਤੂ ਮੁਕੰਮਲ ਤੌਰ ‘ਤੇ ਇਸ ਹੜਤਾਲ ਦਾ ਅਸਰ 16 ਜੁਲਾਈ ਦੀ ਸਵੇਰ ਤੋਂ ਹੀ ਦਿਖਣ ਲੱਗਿਆ।

ਅਚਾਨਕ ਸ਼ੁਰੂ ਹੋਈ ਇਸ ਹੜਤਾਲ ਕਾਰਨ ਮੁਸਾਫਰਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਅੱਤ ਦੀ ਗਰਮੀ ਦੌਰਾਨ ਲੋਕ ਬੱਸ ਅੱਡਿਆਂ ਵਿੱਚ ਖੱਜਲ ਖੁਆਰ ਹੋਣ ਲਈ ਮਜਬੂਰ ਹਨ। ਸਨੌਰ ਤੋਂ ਕਾਂਗਰਸ ਦੇ ਆਗੂ ਬਲਿਹਾਰ ਸ਼ਮਸਪੁਰ ਅਤੇ ਗੌਰਵ ਸੰਧੂ ਦਾ ਕਹਿਣਾ ਹੈ ਕਿ ਸਰਕਾਰ ਦੀ ਨਲਾਇਕੀ ਦਾ ਹੀ ਸਿੱਟਾ ਹੈ ਕਿ ਲੋਕ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ ਤਾਂ ਜੋ ਮੁਲਾਜ਼ਮਾਂ ਦੀ ਖੱਜਲ ਖੁਆਰੀ ਰੁਕ ਸਕੇ।
ਇਸੇ ਦੌਰਾਨ ਹੜਤਾਲੀ ਮੁਲਾਜ਼ਮਾਂ ਨੇ ਅੱਜ ਪਟਿਆਲਾ ਬੱਸ ਅੱਡੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ। ਜਿਸ ਦੌਰਾਨ ਮੰਗਾਂ ਦੀ ਪੂਰਤੀ ਤੱਕ ਡਟੇ ਰਹਿਣ ਦਾ ਅਹਿਦ ਵੀ ਲਿਆ ਗਿਆ। ਗੁਰੀ ਦੀ ਬਹਾਲੀ ਸਮੇਤ ਇਹ ਹੜਤਾਲੀ ਵਰਕਰ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਕਈ ਹੋਰ ਮੰਗਾਂ ਦੀ ਪੂਰਤੀ ‘ਤੇ ਵੀ ਜ਼ੋਰ ਦੇ ਰਹੇ ਹਨ।
Share: