ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਇੱਕ ਕਥਿਤ ISI-ਸਮਰਥਿਤ ਅੰਤਰ-ਰਾਜੀ ਅਤਿਵਾਦ ਅਤੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਤਹਿਤ ਕੌਮੀ ਰਾਜਧਾਨੀ ਵਿੱਚ ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਚਾਰ ਮੁਲਜ਼ਮਾਂ—ਤਿੰਨ ਪੰਜਾਬ ਤੋਂ ਅਤੇ ਇੱਕ ਦਿੱਲੀ ਤੋਂ—ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕਥਿਤ ਤੌਰ ‘ਤੇ ਪਾਕਿਸਤਾਨ ਸਥਿਤ ISI ਹੈਂਡਲਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸਨ ਅਤੇ ਫੜੇ ਜਾਣ ਤੋਂ ਬਚਣ ਲਈ ਪਾਕਿਸਤਾਨੀ ਹੈਂਡਲਰਾਂ ਦੁਆਰਾ ਪ੍ਰਬੰਧਿਤ ਵਿਦੇਸ਼ੀ ਮੋਬਾਈਲ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਮੁਲਜ਼ਮਾਂ ਵਿੱਚੋਂ ਇੱਕ ਨੇ ਕਥਿਤ ਤੌਰ ‘ਤੇ ਦਿੱਲੀ ਵਿੱਚ ਪੁਲੀਸ ਅਦਾਰਿਆਂ ਅਤੇ ਧਾਰਮਿਕ ਸਥਾਨਾਂ ਦੀ ਰੇਕੀ ਕੀਤੀ ਸੀ ਅਤੇ ਉਸ ਨੂੰ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਚਾਰ ਮੁਲਜ਼ਮਾਂ ਦੀ ਪਛਾਣ ਸ਼ੁਭਦੀਪ ਸਿੰਘ ਉਰਫ ਵਿਸ਼ਾਲ (23) ਅਤੇ ਗੁਰਜੰਟ ਸਿੰਘ ਉਰਫ ਰਿਸ਼ੀ (22), ਦੋਵੇਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ; ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਜਨ ਸਿੰਘ ਉਰਫ ਹਨੀ (28); ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਗਗਨਪ੍ਰੀਤ (24) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਗਗਨਪ੍ਰੀਤ ਨੂੰ ਦਿੱਲੀ ਤੋਂ ਫੜਿਆ ਗਿਆ।
ਪੁਲਪਸ ਨੇ01 ਜ਼ਿਗਾਨਾ ਪਿਸਤੌਲ ਅਤੇ ਇੱਕ .30 ਬੋਰ ਦਾ ਪਿਸਤੌਲ, ਨੌਂ ਜ਼ਿੰਦਾ ਕਾਰਤੂਸ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਡਿਪਟੀ ਕਮਿਸ਼ਨਰ ਆਫ ਪੁਲੀਸ (ਸਪੈਸ਼ਲ ਸੈੱਲ) ਪ੍ਰਵੀਨ ਕੁਮਾਰ ਤ੍ਰਿਪਾਠੀ ਦੇ ਅਨੁਸਾਰ ਇਹ ਕਾਰਵਾਈ ਇੱਕ ਭਰੋਸੇਯੋਗ ਅਤੇ ਖਾਸ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਸੀ ਕਿ ਪਾਕਿਸਤਾਨ ਸਥਿਤ ISI ਹੈਂਡਲਰ ਸ਼ਹਿਜ਼ਾਦ ਭੱਟੀ, ਆਪਣੇ ਹੋਰ ਪਾਕਿਸਤਾਨ ਸਥਿਤ ਸਾਥੀਆਂ ਦੇ ਨਾਲ, ਦਿੱਲੀ-NCR ਵਿੱਚ ਇੱਕ ਅਤਿਵਾਦੀ ਘਟਨਾ ਦੀ ਯੋਜਨਾ ਬਣਾ ਰਿਹਾ ਸੀ। ਸੂਚਨਾ ਵਿੱਚ ਅੱਗੇ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਸੀ।
ਸਰੋਤਾਂ ਤੋਂ ਮਿਲੀ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ‘ਤੇ ਦਿੱਲੀ ਅਤੇ ਪੰਜਾਬ ਵਿੱਚ ਕਈ ਛਾਪੇਮਾਰੀ ਕਰਨ ਤੋਂ ਬਾਅਦ ਕਈ ਸ਼ੱਕੀਆਂ ਦੀ ਪਛਾਣ ਕੀਤੀ ਗਈ ਅਤੇ ਪੁੱਛਗਿੱਛ ਕੀਤੀ ਗਈ। ਪਹਿਲੀ ਗ੍ਰਿਫਤਾਰੀ ਮਜੀਠਾ ਰੋਡ, ਅੰਮ੍ਰਿਤਸਰ ਤੋਂ ਕੀਤੀ ਗਈ ਸੀ ਅਤੇ ਮੁਲਜ਼ਮ ਸ਼ੁਭਦੀਪ ਸਿੰਘ ਕੋਲੋਂ ਇੱਕ ਸੈਮੀ-ਆਟੋਮੈਟਿਕ ਪਿਸਤੌਲ, 05 ਜ਼ਿੰਦਾ ਕਾਰਤੂਸ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਡੀਸੀਪੀ ਨੇ ਅੱਗੇ ਕਿਹਾ ਕਿ ਪੁੱਛਗਿੱਛ ਦੌਰਾਨ, ਉਸਨੇ ਖੁਲਾਸਾ ਕੀਤਾ ਕਿ ਉਹ ਸ਼ਹਿਜ਼ਾਦ ਭੱਟੀ ਨੈੱਟਵਰਕ ਦੇ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਿਹਾ ਸੀ।
ਬਾਅਦ ਵਿੱਚ 24 ਜੂਨ ਨੂੰ ਇੱਕ ਹੋਰ ਮੁਲਜ਼ਮ ਗਗਨਪ੍ਰੀਤ ਨੂੰ ਦਿੱਲੀ ਤੋਂ ਫੜਿਆ ਗਿਆ ਅਤੇ ਉਸ ਕੋਲੋਂ ਕਈ ਇਤਰਾਜ਼ਯੋਗ ਸਬੂਤਾਂ ਵਾਲਾ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਉਸ ਨੂੰ ਉਸਦੇ ਪਾਕਿਸਤਾਨੀ ਹੈਂਡਲਰਾਂ ਦੁਆਰਾ ਦਿੱਲੀ ਵਿੱਚ ਧਾਰਮਿਕ ਸਥਾਨਾਂ ਅਤੇ ਪੁਲੀਸ ਅਦਾਰਿਆਂ ਦੀ ਰੇਕੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਸ ਨੂੰ ਦਿੱਲੀ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਵੀ ਸੌਂਪਿਆ ਗਿਆ ਸੀ।
ਦਿੱਲੀ ਪੁਲੀਸ ਦੇ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਤਰਨਤਾਰਨ ਦਾ ਰਹਿਣ ਵਾਲਾ ਸ਼ੁਭਦੀਪ ਸਿੰਘ, ਕਥਿਤ ਤੌਰ ‘ਤੇ ਪਾਕਿਸਤਾਨ ਤੋਂ ਡਰੋਨਾਂ ਦੁਆਰਾ ਸੁੱਟੇ ਗਏ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਅਤੇ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰਕੇ ISI ਹੈਂਡਲਰਾਂ ਨਾਲ ਗੱਲਬਾਤ ਕਰਦਾ ਸੀ। ਉਹ ਪਹਿਲਾਂ ਵੀ NDPS ਕੇਸ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ। ਤਰਨਤਾਰਨ ਦਾ ਹੀ ਰਹਿਣ ਵਾਲਾ ਗੁਰਜੰਟ ਸਿੰਘ ਅਤੇ ਅੰਮ੍ਰਿਤਸਰ ਤੋਂ ਉਸਦਾ ਚਚੇਰਾ ਭਰਾ ਸਾਜਨ ਸਿੰਘ ਕਥਿਤ ਤੌਰ ‘ਤੇ ਵਿਦੇਸ਼ੀ ਨੰਬਰਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਵਿੱਚ ਰਹਿੰਦੇ ਹੋਏ ਡਰੋਨ ਰਾਹੀਂ ਡਿਲੀਵਰ ਕੀਤੇ ਗਏ ਹਥਿਆਰ ਅਤੇ ਨਸ਼ੀਲੇ ਪਦਾਰਥ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਸਨ।
ਸਾਜਨ ਵੀ ਪਹਿਲਾਂ NDPS ਕੇਸ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਗਗਨਪ੍ਰੀਤ ਨੂੰ ਕਥਿਤ ਤੌਰ ‘ਤੇ ਪਾਕਿਸਤਾਨੀ ਹੈਂਡਲਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਲੀ ਵਿੱਚ ਪੁਲੀਸ ਸਟੇਸ਼ਨਾਂ ਅਤੇ ਪਿਕੇਟਾਂ ਦੀ ਰੇਕੀ ਕਰਨ ਅਤੇ ਗੋਲੀਬਾਰੀ ਦਾ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ।

