ਮੋਰਿੰਡਾ/ਚੰਡੀਗੜ੍ਹ: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਅੱਜ ਆਂਗਣਵਾੜੀ ਵਰਕਰਾਂ ਦੀ ਭਲਾਈ ਲਈ ਸੂਬੇ ਭਰ ਦੀਆਂ 53000 ਤੋਂ ਵੱਧ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ (Anganwadi Worker-Helper) ਦੇ ਮਾਸਿਕ ਮਾਣ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਹ ਸਾਰੇ ਕਰਮਚਾਰੀ ਹੁਣ 1 ਜਨਵਰੀ, 2023 ਤੋਂ ਆਪਣੇ ਸਾਲਾਨਾ ਮਾਣ ਭੱਤੇ ਵਿੱਚ ਨਿਯਮਤ ਵਾਧੇ ਲਈ ਯੋਗ ਹੋਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ 67 ਸਫ਼ਾਈ ਸੇਵਕਾਂ ਨੂੰ ਨਿਯੁਕਤੀ (Channi Appoint Job letter to cleaners) ਪੱਤਰ ਵੀ ਵੰਡੇ।
ਮੋਰਿੰਡਾ ਦੀ ਅਨਾਜ ਮੰਡੀ ਵਿਖੇ ਆਂਗਣਵਾੜੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਤੋਂ ਆਂਗਣਵਾੜੀ ਵਰਕਰਾਂ ਦੀ ਮਾਸਿਕ ਤਨਖਾਹ 8100 ਰੁਪਏ ਤੋਂ ਵਧਾ ਕੇ 9500 ਰੁਪਏ, ਮਿੰਨੀ ਆਂਗਣਵਾੜੀ ਵਰਕਰਾਂ ਨੂੰ 5300 ਰੁਪਏ ਤੋਂ ਵਧਾ ਕੇ 6300 ਰੁਪਏ ਅਤੇ ਹੈਲਪਰਾਂ ਦੀ ਤਨਖਾਹ 4050 ਰੁਪਏ ਤੋਂ ਵਧਾ ਕੇ 5100 ਰੁਪਏ ਕੀਤੀ ਜਾਵੇਗੀ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਦੇ ਮਾਣਭੱਤੇ ਵਿੱਚ ਹਰ ਸਾਲ 500 ਰੁਪਏ ਦਾ ਵਾਧਾ ਕੀਤਾ ਜਾਵੇਗਾ ਜਦਕਿ ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ 250 ਰੁਪਏ ਦਾ ਵਾਧਾ ਕੀਤਾ ਜਾਵੇਗਾ।