Black Out: ਪੰਜਾਬ ਭਰ ਵਿੱਚ ਬਲੈਕ ਆਊਟ ਦਾ ਅਭਿਆਸ

Black Out: ਪੰਜਾਬ ਭਰ ਵਿੱਚ ਬਲੈਕ ਆਊਟ ਦਾ ਅਭਿਆਸ

ਚੰਡੀਗਡ਼੍ਹ: ਸੂਬੇ ਵਿੱਚ ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਲਈ ਅੱਜ ਰਾਤ 8 ਤੋਂ 8.15 ਵਜੇ ਤੱਕ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਅਭਿਆਸ ਕੀਤੇ ਗਏ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਇਨ੍ਹਾਂ ਅਭਿਆਸਾਂ ਬਾਰੇ ਸਰਕਾਰ ਨੇ ਲੋਕਾਂ ਨੂੰ ਦੋ ਦਿਨ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।

ਇਹ ਅਭਿਆਸ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਦੋ ਮਿੰਟ ਦੀ ਮਿਆਦ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਗਏ। ਇਸ ਦੌਰਾਨ ਸਬੰਧਤ ਡਿਪਟੀ ਕਮਿਸ਼ਨਰ ਤੇ ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਚੁਣੇ ਗਏ ਖਾਸ ਖੇਤਰਾਂ ਵਿੱਚ ਬਲੈਕ ਆਊਟ ਕੀਤੇ ਗਏ। ਇਨ੍ਹਾਂ ਚੋਣਵੇਂ ਖੇਤਰਾਂ ਵਿੱਚ ਆਮ ਲੋਕਾਂ ਨੂੰ ਬਲੈਕ ਆਊਟ ਮਿਆਦ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਹਦਾਇਤ ਕੀਤੀ ਗਈ ਸੀ। ਪ੍ਰਾਪਤ ਵੇਰਵਿਆਂ ਮੁਤਾਬਕ ਮੁਹਾਲੀ, ਸੰਗਰੂਰ, ਫਿਰੋਜ਼ਪੁਰ, ਪਟਿਆਲਾ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਸਮੇਤ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਇਹ ਮੌਕ ਡਰਿੱਲ ਰਾਤ 8:00 ਵਜੇ ਸਾਇਰਨ ਨਾਲ ਸ਼ੁਰੂ ਹੋਈ ਤੇ 8.15 ਵਜੇ ਤੱਕ ਜਾਰੀ ਰਹੀ। ਡਿਪਟੀ ਕਮਿਸ਼ਨਰਾਂ ਤੇ ਹੋਰ ਸਬੰਧਤ ਅਧਿਕਾਰੀਆਂ ਨੇ ਪੂਰੀ ਕਾਰਵਾਈ ਦੀ ਨਿਗਰਾਨੀ ਕੀਤੀ। ਕਈ ਥਾਈਂ ਡਰਿੱਲ ਦੌਰਾਨ ਇਮਾਰਤਾਂ ’ਚ ਅੱਗ ਲੱਗਣ ਅਤੇ ਕੁਝ ਲੋਕਾਂ ਦੇ ਅੰਦਰ ਫਸ ਜਾਣ ਦੇ ਦ੍ਰਿਸ਼ ਵੀ ਤਿਆਰ ਕੀਤੇ ਗਏ। ਸੂਬਾ ਸਰਕਾਰ ਅਨੁਸਾਰ ਇਹ ਰੁਟੀਨ ਪ੍ਰਕਿਰਿਆਤਮਕ ਅਭਿਆਸ ਹੈ, ਜੋ ਸੂਬੇ ਵਿੱਚ ਸਿਵਲ ਡਿਫੈਂਸ ਤਿਆਰੀ ਦਾ ਮੁਲਾਂਕਣ ਕਰਨ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ।

Share: