ਪਿਓਂਗਤਾਕ (ਦੱਖਣੀ ਕੋਰੀਆ): ਸੈਮਸੰਗ ਇਲੈਕਟ੍ਰੌਨਿਕਸ ਦੇ ਹਜ਼ਾਰਾਂ ਵਰਕਰਾਂ ਨੇ ਵੀਰਵਾਰ ਨੂੰ ਪਿਓਂਗਤਾਕ ਦੇ ਆਪਣੇ ਕੰਪਿਊਟਰ ਚਿਪ ਕੰਪਲੈਕਸ ’ਚ ਰੈਲੀ ਕੀਤੀ। ਵਰਕਰਾਂ ਨੇ ਵੱਧ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ, ਉਹ ਵੀ ਅਜਿਹੇ ਮੌਕੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਵਧਦੀ ਮੰਗ ਕਾਰਨ ਮੈਮਰੀ-ਚਿੱਪ ਦਾ ਮੁਨਾਫ਼ਾ ਵਧਿਆ ਹੈ।
ਕਾਮਿਆਂ ਨੇ ਹੱਥਾਂ ਵਿੱਚ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ ਤੇ ਉਹ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਫੈਕਟਰੀ ਦੇ ਕੰਪਾਊਂਡ ਵਿੱਚ ਇਕੱਠੇ ਹੋਏ। ਉਨ੍ਹਾਂ ਤਨਖ਼ਾਹਾਂ ਨੂੰ ਪਾਰਦਰਸ਼ੀ ਤੇ ਬੋਨਸ ਉੱਤੇ ਲੱਗੀ ਉੱਪਰਲੀ ਹੱਦ ਹਟਾਉਣ ਲਈ ਨਾਅਰੇ ਵੀ ਲਾਏ। ਵਰਕਰ ਯੂਨੀਅਨ ਨੇ ਪ੍ਰਬੰਧਕਾਂ ਨਾਲ ਗੱਲਬਾਤ ਨਾਕਾਮ ਰਹਿਣ ਦੀ ਸੂਰਤ ’ਚ 21 ਮਈ ਤੋਂ 18 ਦਿਨਾਂ ਦੀ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਹੈ। ਕਾਮਿਆਂ ਨੇ ਰੈਲੀ ਅਜਿਹੇ ਮੌਕੇ ਵਿਉਂਤੀ ਹੈ ਜਦੋਂ ਸੈਮਸੰਗ ਦੇ ਰਵਾਇਤੀ ਵਿਰੋਧੀ ਐੱਸ ਕੇ ਹਾਇਨਿਕਸ ਨੇ ਜਨਵਰੀ-ਮਾਰਚ ਦੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਮਾਲੀਆ ਤੇ ਮੁਨਾਫ਼ਾ ਦਰਜ ਕੀਤਾ ਹੈ।

