ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੇ ਜਵਾਨ ਜਸਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ’ਤੇ 34 ਬਾਹਰੀ ਸੱਟਾਂ ਦਾ ਖੁਲਾਸਾ ਹੋਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਸਵਿੰਦਰ ਸਿੰਘ ਦੀ ਮੌਤ ਪੁਲੀਸ ਹਿਰਾਸਤ ਦੌਰਾਨ ਤਸ਼ੱਦਦ ਕਾਰਨ ਹੋਈ। ਜਸਵਿੰਦਰ ਸਿੰਘ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ 3 ਮਾਰਚ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਵਿੱਚ ਜੰਮੂ ਦੇ ਮੀਰਾਂ ਸਾਹਿਬ ਚੌਕ ਕੋਲੋਂ ਹਿਰਾਸਤ ਵਿੱਚ ਲਿਆ ਸੀ, ਜਦੋਂ ਉਹ ਆਪਣੀ ਮਾਂ ਦੀ ਦਵਾਈ ਲੈ ਕੇ ਆਪਣੇ ਪਿੰਡ ਦੀਵਾਨਗੜ੍ਹ ਪਰਤ ਰਿਹਾ ਸੀ। ਤ੍ਰਿਪੁਰਾ ਵਿੱਚ ਤਾਇਨਾਤ ਜਸਵਿੰਦਰ ਸਿੰਘ ਛੁੱਟੀ ’ਤੇ ਪਿੰਡ ਆਇਆ ਹੋਇਆ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਜਸਵਿੰਦਰ ਨੂੰ ਉਸ ਦੇ ਭਰਾ ਪੁਪਿੰਦਰ ਸਿੰਘ ਵਿਰੁੱਧ ਦਰਜ ਪੁਰਾਣੇ ਐੱਨ ਡੀ ਪੀ ਐੱਸ ਕੇਸ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਜਦਕਿ ਪੁਪਿੰਦਰ ਨੂੰ ਜੰਮੂ ਦੀ ਅਦਾਲਤ ਨੇ 9 ਮਾਰਚ ਨੂੰ ਬਰੀ ਕਰ ਦਿੱਤਾ ਸੀ। ਜਸਵਿੰਦਰ ਸਿੰਘ ਦੇ ਪਰਿਵਾਰ ਨੇ ਮਾਮਲੇ ਵਿੱਚ ਨਿਆਂ ਦੀ ਮੰਗ ਕੀਤੀ ਹੈ। ਅੱਜ ਇਥੇ ਉਸ ਦੀ ਮਾਂ ਗੁਰਮੀਤ ਕੌਰ, ਭਰਾ ਪੁਪਿੰਦਰ ਸਿੰਘ ਅਤੇ ਪਤਨੀ ਲਵਜੀਤ ਕੌਰ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਾਲ ਮੁਲਾਕਾਤ ਕਰਕੇ ਜਾਂਚ ਤੇਜ਼ ਕਰਨ ਦੀ ਅਪੀਲ ਕੀਤੀ। ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਦੇ ਸਰੀਰ ’ਤੇ ਲੱਗੀਆਂ ਹੋਈਆਂ ਸਾਰੀਆਂ ਸੱਟਾਂ ਮੌਤ ਤੋਂ ਪਹਿਲਾਂ ਦੀਆਂ ਸਨ। ਰਿਪੋਰਟ ਮੁਤਾਬਕ ਲਗਪਗ 25 ਸੱਟਾਂ ਮੌਤ ਤੋਂ 2-4 ਦਿਨ ਪਹਿਲਾਂ, ਜਦ ਕਿ ਨੌਂ ਸੱਟਾਂ ਮੌਤ ਤੋਂ 18-24 ਘੰਟੇ ਪਹਿਲਾਂ ਲੱਗੀਆਂ ਸਨ। ਫਿਲਹਾਲ ਮੌਤ ਦੇ ਸਹੀ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਮੌਤ ਦੇ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ ਅਤੇ ਦਾਅਵਾ ਕੀਤਾ ਕਿ ਦੋਵੇਂ ਭਰਾਵਾਂ ਨੂੰ ਐੱਨ ਡੀ ਪੀ ਐੱਸ ਕੇਸ ਵਿੱਚ ਝੂਠਾ ਫਸਾਇਆ ਗਿਆ ਸੀ। ਦੂਜੇ ਪਾਸੇ ਐੱਨ ਸੀ ਬੀ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਨਿਆਂਇਕ ਜਾਂਚ ਦੀ ਕਾਰਵਾਈ ਚੱਲ ਰਹੀ ਹੈ।
Posted inAmritsar
ਹਿਰਾਸਤੀ ਮੌਤ: ਬੀ ਐੱਸ ਐੱਫ ਜਵਾਨ ਦੇ ਸਰੀਰ ’ਤੇ ਸਨ ਸੱਟਾਂ ਦੇ 34 ਨਿਸ਼ਾਨ

