ਚੰਡੀਗੜ੍ਹ: ਗਰਮੀ ਦੇ ਮੌਸਮ ਵਿੱਚ ਵਧਦੇ ਤਾਪਮਾਨ ਦੇ ਨਾਲ ਹੀ ਸਰੀਰ ਵਿੱਚ ਪਾਣੀ ਦੀ ਕਮੀ ਭਾਵ ‘ਡੀਹਾਈਡ੍ਰੇਸ਼ਨ’ ( Dehydration) ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ। ਤੇਜ਼ ਲੂ ਅਤੇ ਹੀਟਵੇਵ ਕਾਰਨ ਥਕਾਵਟ, ਚੱਕਰ ਆਉਣੇ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਸਿਹਤ ਮਾਹਿਰਾਂ ਅਨੁਸਾਰ, ਇਸ ਮੌਸਮ ਵਿੱਚ ਸਿਰਫ਼ ਪਾਣੀ ਪੀਣਾ ਹੀ ਕਾਫ਼ੀ ਨਹੀਂ ਹੈ, ਬਲਕਿ ਸਰੀਰ ਨੂੰ ਅਜਿਹੇ ਤੱਤਾਂ ਦੀ ਲੋੜ ਹੁੰਦੀ ਹੈ ਜੋ ਇਲੈਕਟ੍ਰੋਲਾਈਟਸ (Electrolytes) ਦੀ ਕਮੀ ਨੂੰ ਪੂਰਾ ਕਰਨ। ਅਜਿਹੇ ਵਿੱਚ ਸਾਡੇ ਰਵਾਇਤੀ ਭਾਰਤੀ ਪੀਣ ਵਾਲੇ ਪਦਾਰਥ ਗਰਮੀ ਤੋਂ ਬਚਾਅ ਲਈ ਬੇਹੱਦ ਕਾਰਗਰ ਸਾਬਤ ਹੋ ਰਹੇ ਹਨ।
ਫਾਲਸੇ ਦਾ ਸ਼ਰਬਤ: ਤਾਜ਼ਗੀ ਦਾ ਖਜ਼ਾਨਾ
ਫਾਲਸਾ ਇੱਕ ਅਜਿਹਾ ਫਲ ਹੈ ਜੋ ਵਿਟਾਮਿਨ-ਸੀ, ਐਂਟੀ-ਆਕਸੀਡੈਂਟਸ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਨਾ ਸਿਰਫ਼ ਸਰੀਰ ਨੂੰ ਠੰਡਕ ਦਿੰਦਾ ਹੈ ਬਲਕਿ ਤੁਰੰਤ ਤਾਜ਼ਗੀ ਵੀ ਪ੍ਰਦਾਨ ਕਰਦਾ ਹੈ। ਇਸ ਨੂੰ ਬਣਾਉਣ ਲਈ ਫਾਲਸੇ ਨੂੰ ਮਸਲ ਕੇ ਉਸ ਦਾ ਰਸ ਕੱਢ ਲਿਆ ਜਾਂਦਾ ਹੈ ਅਤੇ ਫਿਰ ਇਸ ਵਿੱਚ ਠੰਡਾ ਪਾਣੀ, ਚੀਨੀ, ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਪੀਤਾ ਜਾਂਦਾ ਹੈ। ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦਗਾਰ ਹੈ।
ਬੇਲ ਦਾ ਸ਼ਰਬਤ: ਪੇਟ ਲਈ ਵਰਦਾਨ
ਗਰਮੀ ਦੇ ਮੌਸਮ ਵਿੱਚ ਬੇਲ ਦਾ ਸ਼ਰਬਤ ਪੀਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਕੰਟਰੋਲ ਵਿੱਚ ਰੱਖਦਾ ਹੈ ਅਤੇ ਲੂ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿੱਚ ਵੀ ਇਹ ਕਾਫ਼ੀ ਸਹਾਇਕ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰੀ ਕੋਲਡ ਡਰਿੰਕਸ ਦੀ ਬਜਾਏ ਇਹ ਕੁਦਰਤੀ ਪੀਣ ਵਾਲੇ ਪਦਾਰਥ ਸਿਹਤ ਲਈ ਬਿਹਤਰ ਹਨ। ਇਹ ਸਰੀਰ ਨੂੰ ਕੁਦਰਤੀ ਇਲੈਕਟ੍ਰੋਲਾਈਟਸ(Electrolytes ) ਪ੍ਰਦਾਨ ਕਰਦੇ ਹਨ, ਜੋ ਸਾਨੂੰ ਲੂ ਅਤੇ ਹੀਟਸਟ੍ਰੋਕ ਵਰਗੀਆਂ ਗੰਭੀਰ ਸਥਿਤੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

