Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਇੱਕ ਵਿਸ਼ੇਸ਼ ਅਦਾਲਤ ਨੇ 2023 ਦੇ ਬੰਗਲੁਰੂ ਜੇਲ੍ਹ ਰੈਡੀਕਲਾਈਜ਼ੇਸ਼ਨ (LeT) ਮਾਮਲੇ ਵਿੱਚ ਮਾਸਟਰਮਾਈਂਡ ਅਤੇ ਲਸ਼ਕਰ-ਏ-ਤਇਬਾ (LeT) ਦੇ ਮੈਂਬਰ ਟੀ ਨਸੀਰ ਸਮੇਤ ਕੁੱਲ ਸੱਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਨਸੀਰ ਤੋਂ ਇਲਾਵਾ ਅਦਾਲਤ ਨੇ ਦੋਸ਼ੀ ਸਈਅਦ ਸੁਹੇਲ ਖਾਨ, ਮੁਹੰਮਦ ਉਮਰ, ਜ਼ਾਹਿਦ ਤਬਰੇਜ਼, ਸਈਅਦ ਮੁਦੱਸਿਰ ਪਾਸ਼ਾ, ਮੁਹੰਮਦ ਫੈਜ਼ਲ ਰੱਬਾਨੀ ਅਤੇ ਸਲਮਾਨ ਖਾਨ ਨੂੰ ਆਈਪੀਸੀ, ਯੂਏ (ਪੀ) ਐਕਟ, ਆਰਮਜ਼ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 48,000 ਰੁਪਏ ਜੁਰਮਾਨੇ ਦੇ ਨਾਲ 7 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਦੋਸ਼ੀਆਂ ਨੇ ਪਹਿਲਾਂ ਬੰਗਲੁਰੂ ਦੀ ਪਰਪੰਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਦੇ ਅੰਦਰ ਟੀ ਨਸੀਰ ਦੁਆਰਾ ਰਚੀ ਗਈ ਲਸ਼ਕਰ ਨਾਲ ਜੁੜੀ ਅਤਿਵਾਦੀ ਸਾਜ਼ਿਸ਼ ਨਾਲ ਸਬੰਧਤ ਮਾਮਲੇ ਵਿੱਚ ਐੱਨ ਆਈ ਏ ਵੱਲੋਂ ਦਾਇਰ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਇਸ ਸਾਜ਼ਿਸ਼ ਵਿੱਚ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਜੇਲ੍ਹ ਵਿੱਚ ਬੰਦ ਭੋਲੇ-ਭਾਲੇ ਨੌਜਵਾਨਾਂ ਦੀ ਪਛਾਣ ਕਰਨਾ, ਭਰਤੀ ਕਰਨਾ, ਸਿਖਲਾਈ ਦੇਣਾ, ਧਰਮ ਪਰਿਵਰਤਨ ਅਤੇ ਕੱਟੜਪੰਥੀ ਬਣਾਉਣਾ ਸ਼ਾਮਲ ਸੀ। ਇਹ ਮਾਮਲਾ ਸ਼ੁਰੂ ਵਿੱਚ ਬੰਗਲੁਰੂ ਸੈਂਟਰਲ ਕ੍ਰਾਈਮ ਬ੍ਰਾਂਚ (CCB) ਦੁਆਰਾ ਜੁਲਾਈ 2023 ਵਿੱਚ ਆਦਤਨ ਅਪਰਾਧੀਆਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਡਿਜੀਟਲ ਉਪਕਰਣ ਜ਼ਬਤ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਸੀ। ਅਪਰਾਧੀਆਂ ਨੇ ਪਾਬੰਦੀਸ਼ੁਦਾ ਲਸ਼ਕਰ ਅਤਿਵਾਦੀ ਸੰਗਠਨ ਦੇ ਹਿੰਸਕ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਬੰਗਲੁਰੂ ਸ਼ਹਿਰ ਵਿੱਚ ਅਤਿਵਾਦੀ ਹਮਲੇ ਕਰਨ ਦੀ ਯੋਜਨਾ ਬਣਾਈ ਸੀ। ਕੇਸ ਦੀ ਜਾਂਚ ਐੱਨ ਆਈ ਏ ਨੇ ਸੰਭਾਲ ਲਈ ਸੀ, ਜਿਸ ਨੇ ਕਈ ਅਤਿਵਾਦੀ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਟੀ ਨਸੀਰ ਨੂੰ ਜੇਲ੍ਹ ਤੋਂ ਅਦਾਲਤ ਜਾਣ ਵੇਲੇ ਫ਼ਰਾਰ ਕਰਵਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ।

ਨਸੀਰ ਉਸ ਸਮੇਂ 2008 ਦੇ ਬੰਗਲੁਰੂ ਲੜੀਵਾਰ ਧਮਾਕਿਆਂ ਦੇ ਮਾਮਲਿਆਂ ਵਿੱਚ ਵਿਚਾਰ ਅਧੀਨ ਕੈਦੀ ਸੀ। ਬਾਰੀਕੀ ਨਾਲ ਜਾਂਚ ਤੋਂ ਬਾਅਦ, ਐੱਨਆਈਏ ਨੇ ਇਸ ਮਾਮਲੇ ਵਿੱਚ 11 ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਅਤੇ ਇੱਕ ਫ਼ਰਾਰ ਵਿਅਕਤੀ, ਜਿਸ ਦੀ ਪਛਾਣ ਜੁਨੈਦ ਅਹਿਮਦ ਵਜੋਂ ਹੋਈ ਹੈ, ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਨ੍ਹਾਂ ਵਿੱਚੋਂ ਮੁਲਜ਼ਮ ਸਲਮਾਨ ਖਾਨ ਨੂੰ ਐੱਨ ਆਈ ਏ ਅਤੇ ਰਵਾਂਡਾ ਦੀਆਂ ਸਬੰਧਤ ਏਜੰਸੀਆਂ ਦੇ ਤਾਲਮੇਲ ਵਾਲੇ ਯਤਨਾਂ ਦੇ ਨਤੀਜੇ ਵਜੋਂ ਰਵਾਂਡਾ ਗਣਰਾਜ ਤੋਂ ਸਫਲਤਾਪੂਰਵਕ ਹਵਾਲਗੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਐੱਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਜੁਨੈਦ ਅਹਿਮਦ ਦਾ ਪਤਾ ਲਗਾਉਣ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ।

Share: