Bus Accident in Punjab: ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਹਲਾਕ

Bus Accident in Punjab: ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਹਲਾਕ

ਬਸੀ ਪਠਾਣਾਂ/ਮੋਰਿੰਡਾ: ਬਸੀ ਪਠਾਣਾਂ ਸਬ ਡਿਵੀਜ਼ਨ ਅਧੀਨ ਪਿੰਡ ਭਟਹੇੜੀ ਕੋਲ ਮੋਰਿੰਡਾ-ਚੁੰਨ੍ਹੀ ਮਾਰਗ ’ਤੇ ਲੰਘੀ ਰਾਤ ਬੱਸ ਪਲਟਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 25 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ| ਇਸ ਬੱਸ ਵਿੱਚ ਇਲਾਕੇ ਦੇ ਸ਼ਰਧਾਲੂ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸੀ ਤੇ ਮੱਥਾ ਟੇਕ ਕੇ ਪਰਤ ਰਹੇ ਸਨ। ਪੋਸਟਮਾਰਟਮ ਤੋਂ ਬਾਅਦ ਅੱਜ ਸੱਤ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ।

ਘਟਨਾ ਸਥਾਨ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਭਰੀ ਇਹ ਬੱਸ ਲੰਘੀ ਰਾਤ ਜਦੋਂ ਇਹ ਬੱਸ ਮੋਰਿੰਡਾ-ਚੁੰਨ੍ਹੀ ਮਾਰਗ ’ਤੇ ਸਥਿਤ ਪਿੰਡ ਭਟਹੇੜੀ ਨੇੜੇ ਸਥਿਤ ਪਿੰਡ ਹਿੰਮਤਪੁਰਾ ਦੇ ਬੱਸ ਸਟਾਪ ਕੋਲ ਪੁੱਜੀ ਤਾਂ ਸੜਕ ’ਤੇ ਪਏ ਟੋਇਆਂ ਕਾਰਨ ਬੇਕਾਬੂ ਹੋ ਕੇ ਪਲਟ ਗਈ ਅਤੇ ਸੜਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ| ਸਰਕਾਰੀ ਮਦਦ ਪੁੱਜਣ ਤੋਂ ਪਹਿਲਾਂ ਹੀ ਨੇੜਲੇ ਪਿੰਡਾਂ ਦੇ ਲੋਕਾਂ ਨੇ ਪੀੜਤਾਂ ਨੂੰ ਬੱਸ ’ਚੋਂ ਕੱਢ ਲਿਆ ਸੀ| ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਮੁੱਖ ਕਾਰਨ ਸੜਕ ਦੀ ਖ਼ਸਤਾ ਹਾਲਤ ਹੈ ਅਤੇ ਇਸ ’ਤੇ ਹਰ ਰੋਜ਼ ਹਾਦਸੇ ਹੁੰਦੇ ਰਹਿੰਦੇ ਹਨ। ਹਾਦਸੇ ਵਿੱਚ ਮਰਨ ਵਾਲੇ ਅੱਠ ’ਚੋਂ ਸੱਤ ਵਿਅਕਤੀਆਂ ਦਾ ਪੋਸਟਮਾਰਟਮ ਤੋਂ ਬਾਅਦ ਇੱਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦਕਿ ਇਕ ਮ੍ਰਿਤਕ ਦਾ ਜੱਦੀ ਪਿੰਡ ਸੰਗਰੂਰ ਜ਼ਿਲ੍ਹੇ ’ਚ ਹੋਣ ਕਾਰਨ ਉਸ ਦੀ ਦੇਹ ਉੱਥੇ ਭੇਜ ਦਿੱਤੀ ਗਈ। ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ|

ਐੱਸ ਡੀ ਐੱਮ ਬਸੀ ਪਠਾਣਾਂ ਹਰਵੀਰ ਕੌਰ ਨੇ ਕਿਹਾ ਕਿ ਹਾਦਸੇ ਬਾਰੇ ਪਤਾ ਲੱਗਦੇ ਹੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ’ਤੇ ਤੁਰੰਤ ਪੁੱਜ ਕੇ ਪੀੜਤਾਂ ਨੂੰ ਰਾਹਤ ਦੇਣ ਦੇ ਹੁਕਮ ਦਿੱਤੇ| ਉਨ੍ਹਾਂ ਖੁਦ ਵੀ ਹਾਦਸੇ ਵਾਲੀ ਥਾਂ ਦਾ ਦੌਰ ਕੀਤਾ| ਉਨ੍ਹਾਂ ਹਾਦਸੇ ’ਚ ਇੱਕ ਔਰਤ ਸਣੇ ਅੱਠ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ| ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨ ਜਾਂਚ ਦਾ ਵਿਸ਼ਾ ਹਨ ਜਦਕਿ ਤਰਜੀਹ ਜ਼ਖ਼ਮੀਆਂ ਦਾ ਇਲਾਜ ਕਰਵਾਉਣ ਨੂੰ ਹੈ| ਇਸੇ ਤਰ੍ਹਾਂ ਡੀ ਐੱਸ ਪੀ ਬਸੀ ਪਠਾਣਾਂ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰਣਜੀਤ ਕੌਰ ਪਤਨੀ ਬਲਜੀਤ ਸਿੰਘ, ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਲਖਵੀਰ ਸਿੰਘ ਪੁੱਤਰ ਚਰਮੇਲ ਸਿੰਘ, ਪਰਦੀਪ ਕੌਰ ਪਤਨੀ ਗੁਰਸੇਵਕ ਸਿੰਘ, ਗ੍ਰੰਥੀ ਇਕਬਾਲ ਸਿੰਘ ਪੁੱਤਰ ਜਸਵਿੰਦਰ ਸਿੰਘ, ਹਰਵੀਰ ਸਿੰਘ ਪੁੱਤਰ ਚਰਮੇਲ ਸਿੰਘ ਅਤੇ ਹਰਚੰਦ ਸਿੰਘ ਪੁੱਤਰ ਗੁਰਮੇਲ ਸਿੰਘ ਸਾਰੇ ਵਾਸੀਆਨ ਪਿੰਡ ਮੈਣ ਮਾਜਰੀ, ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੱਜਲ ਮਾਜਰਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸ਼ਾਮਲ ਹਨ|

Share: