ਬੰਬ ਹਮਲੇ ਵਿੱਚ 2 ਬੱਚਿਆਂ ਦੀ ਮੌਤ

ਬੰਬ ਹਮਲੇ ਵਿੱਚ 2 ਬੱਚਿਆਂ ਦੀ ਮੌਤ

ਇੰਫਾਲ: ਹਿੰਸਾ ਦੇ ਇੱਕ ਤਾਜ਼ਾ ਮਾਮਲੇ ਵਿੱਚ ਸ਼ੱਕੀ ਕੁਕੀ ਅਤਿਵਾਦੀਆਂ ਨੇ ਮੰਗਲਵਾਰ ਨੂੰ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਇੱਕ ਬੰਬ ਹਮਲਾ ਕੀਤਾ, ਜਿਸ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਮਾਂ ਜ਼ਖਮੀ ਹੋ ਗਈ। ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ ਜਦੋਂ ਸ਼ੱਕੀ ਅਤਿਵਾਦੀਆਂ ਵੱਲੋਂ ਦਾਗਿਆ ਗਿਆ ਇੱਕ ਬੰਬ ਮੋਇਰੰਗ ਤ੍ਰੋਂਗਲਾਓਬੀ ਸਥਿਤ ਇੱਕ ਰਿਹਾਇਸ਼ੀ ਘਰ ‘ਤੇ ਜਾ ਡਿੱਗਿਆ, ਜਿਸ ਕਾਰਨ 5 ਸਾਲ ਦੇ ਲੜਕੇ ਅਤੇ ਛੇ ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ।

ਜਿਸ ਵੇਲੇ ਘਰ ਵਿੱਚ ਬੰਬ ਧਮਾਕਾ ਹੋਇਆ ਉਸ ਸਮੇਂ ਇਹ ਤਿੰਨੋਂ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ। ਨੀਵੇਂ ਇਲਾਕੇ ਵਿੱਚ ਸਥਿਤ ਮੋਇਰੰਗ ਤ੍ਰੋਂਗਲਾਓਬੀ ਚੂਰਾਚਾਂਦਪੁਰ ਦੇ ਪਹਾੜੀ ਖੇਤਰਾਂ ਦੇ ਨੇੜੇ ਹੈ ਅਤੇ 2023 ਅਤੇ 2024 ਵਿੱਚ ਜਾਤੀ ਸੰਘਰਸ਼ ਦੇ ਸਿਖਰ ਦੌਰਾਨ ਇੱਥੇ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਹੈ। ਇਸ ਦੌਰਾਨ ਸਥਾਨਕ ਭਾਜਪਾ ਵਿਧਾਇਕ ਥ ਸ਼ਾਂਤੀ ਸਿੰਘ ਨੇ ਤ੍ਰੋਂਗਲਾਓਬੀ ਅਵਾਂਗ ਲੇਈਕਾਈ ਵਿਖੇ ਹੋਏ ਇਸ ਬੇਰਹਿਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਜੋ ਕਿ ਕਥਿਤ ਤੌਰ ‘ਤੇ “ਕੁਕੀ ਨਾਰਕੋ-ਅਤਿਵਾਦੀਆਂ” ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਘਿਨਾਉਣੀ ਕਾਰਵਾਈ ਅਤਿਵਾਦ ਤੋਂ ਘੱਟ ਨਹੀਂ ਹੈ ਅਤੇ ਅਜਿਹੀਆਂ ਅਣਮਨੁੱਖੀ ਕਾਰਵਾਈਆਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਵਿਧਾਇਕ ਨੇ ਮਾਰੇ ਗਏ ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ।

Share: