ਬਠਿੰਡਾ: ਮਾਲਵਾ ਖੇਤਰ ਵਿੱਚ ਬੀਤੇ ਸ਼ਨੀਵਾਰ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਖ਼ਾਸ ਕਰਕੇ ਠੇਕੇ ’ਤੇ ਜ਼ਮੀਨ ਵਾਹੀ ਕਰਨ ਵਾਲੇ ਕਿਸਾਨ ਇਸ ਕੁਦਰਤੀ ਆਫ਼ਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਬਲੂ, ਕੋਠੇ ਸੰਧੂ, ਕੋਠੇ ਲਾਲ ਵਾਲੇ, ਕੋਠੇ ਚੇਤ ਸਿੰਘ ਵਾਲੇ, ਕੋਠੇ ਕੌਰ ਸਿੰਘ ਵਾਲੇ, ਮਹਿਮਾ ਸਰਕਾਰੀ, ਕਿਲੀ ਨਿਹਾਲ ਸਿੰਘ ਵਾਲਾ ਅਤੇ ਬਲੁਆਣਾ ਖੇਤਰ ਵਿੱਚ ਗੜੇਮਾਰੀ ਕਾਰਨ ਕਣਕ ਸਮੇਤ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਲਾਕੇ ਵਿੱਚ ਹੋਈ ਭਾਰੀ ਗੜੇਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉੱਥੇ ਹੀ ਗੁਰਦੋਰ ਸਿੰਘ ਸੰਧੂ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ 30 ਏਕੜ ਜ਼ਮੀਨ ਦਾ 6 ਮਹੀਨੇ ਦਾ ਠੇਕਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਪਾਉਣ ਦੀ ਬਜਾਏ ਉਨ੍ਹਾਂ ਦੀ ਬਾਂਹ ਫੜਨਾ ਸਮੇਂ ਦੀ ਮੁੱਖ ਲੋੜ ਹੈ।ਇਸਦੇ ਨਾਲ ਹੀ ਉਨ੍ਹਾਂ ਸਮਾਜ ਦੇ ਹੋਰ ਵਰਗਾਂ ਅਤੇ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਤ ਮਾਰੇ ਕਿਸਾਨਾਂ ਦੀ ਬਾਂਹ ਫੜਨ ਅਤੇ ਇਸ ਔਖੇ ਵੇਲੇ ਉਨ੍ਹਾਂ ਦਾ ਸਾਥ ਦੇਣ, ਤਾਂ ਜੋ ਉਹ ਇਸ ਸੰਕਟ ਤੋਂ ਬਾਹਰ ਨਿਕਲ ਸਕਣ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਲਾਕੇ ਦੇ ਕਿਸਾਨਾਂ ਨੇ ਸੰਧੂ ਦੇ ਇਸ ਫੈਸਲੇ ਦੀ ਭਰਪੂਰ ਸਰਾਹਣਾ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਹੋਰਾਂ ਲਈ ਵੀ ਇਹ ਇੱਕ ਪ੍ਰੇਰਣਾ ਬਣੇਗਾ।

