ਆੜ੍ਹਤੀਆਂ ਦੀ ਹੜਤਾਲ ’ਤੇ ਮੁੱਖ ਮੰਤਰੀ ਸਖ਼ਤ

ਆੜ੍ਹਤੀਆਂ ਦੀ ਹੜਤਾਲ ’ਤੇ ਮੁੱਖ ਮੰਤਰੀ ਸਖ਼ਤ

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹੜਤਾਲ ਖ਼ਤਮ ਕਰਾਉਣ ਲਈ ਆੜ੍ਹਤੀਆਂ ਨਾਲ ਕੀਤੀ ਮੀਟਿੰਗ ’ਚ ਪੇਚ ਫਸ ਗਿਆ। ਮੁੱਖ ਮੰਤਰੀ ਨੇ ਪਹਿਲਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਹੜਤਾਲ ਵਾਪਸ ਲੈਣ ਤਾਂ ਜੋ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ’ਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਾਅਦ ਵਿਚ ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਸਖ਼ਤ ਰੌਂਅ ਵੀ ਦਿਖਾਇਆ ਅਤੇ ਅਸਿੱਧੇ ਤਰੀਕੇ ਨਾਲ ਬਦਲਵੇਂ ਪ੍ਰਬੰਧ ਕੀਤੇ ਜਾਣ ਦੀ ਗੱਲ ਵੀ ਕਹੀ। ਕਰੀਬ ਡੇਢ ਘੰਟਾ ਚੱਲੀ ਮੀਟਿੰਗ ’ਚ ਗੱਲ ਕਿਸੇ ਤਣ-ਪੱਤਣ ਨਾ ਲੱਗ ਸਕੀ।

ਮੁੱਖ ਮੰਤਰੀ ਅਤੇ ਆੜ੍ਹਤੀਆਂ ਦਰਮਿਆਨ ਹੁਣ ਮੁੜ 6 ਅਪਰੈਲ ਨੂੰ ਮੀਟਿੰਗ ਹੋਵੇਗੀ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਢਾਈ ਫ਼ੀਸਦੀ ਆੜ੍ਹਤ ਦਾ ਐਲਾਨ ਕੀਤੇ ਜਾਣ ਮਗਰੋਂ ਹੀ ਹੜਤਾਲ ਵਾਪਸ ਲਈ ਜਾਵੇਗੀ। ਅਗਲੀ ਮੀਟਿੰਗ ’ਚ ਜੋ ਫ਼ੈਸਲਾ ਸਾਹਮਣੇ ਆਵੇਗਾ, ਉਸ ਹਿਸਾਬ ਨਾਲ ਆੜ੍ਹਤੀਏ ਆਪਣਾ ਪੈਂਤੜਾ ਲੈਣਗੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਦੇ ਵਿੱਤ ਵਿਭਾਗ ਨਾਲ ਚਰਚਾ ਕਰਨਗੇ। ਮੁੱਖ ਮੰਤਰੀ ਨੇ ਆੜ੍ਹਤੀਆਂ ਦੀ ਢਾਈ ਫੀਸਦ ਆੜ੍ਹਤ ਦਾ ਮਾਮਲਾ ਕੇਂਦਰ ਸਰਕਾਰ ਕੋਲ ਵੀ ਉਠਾਉਣ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਖ਼ੁਰਾਕ ਮੰਤਰੀ ਤੋਂ ਮਿਲਣ ਲਈ 9 ਅਪਰੈਲ ਜਾਂ 11 ਅਪਰੈਲ ਦਾ ਸਮਾਂ ਮੰਗਿਆ ਹੈ।

ਵੇਰਵਿਆਂ ਅਨੁਸਾਰ ਪੰਜਾਬ ’ਚ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਰਾਜਪੁਰਾ, ਪਟਿਆਲਾ ਅਤੇ ਬਨੂੜ ਦੇ ਖ਼ਰੀਦ ਕੇਂਦਰਾਂ ’ਚ 74 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ। ਪਟਿਆਲਾ ਦੇ ਖ਼ਰੀਦ ਕੇਂਦਰ ’ਚੋਂ ਅੱਜ 50 ਮੀਟਰਿਕ ਟਨ ਫ਼ਸਲ ਦੀ ਖ਼ਰੀਦ ਵੀ ਕੀਤੀ ਗਈ ਹੈ। ਬਾਕੀ ਜ਼ਿਲ੍ਹਿਆਂ ’ਚ ਅਜੇ ਫ਼ਸਲ ਨਹੀਂ ਪੁੱਜੀ ਹੈ। ਪੰਜਾਬ ਵਿੱਚ ਵਿਗੜੇ ਮੌਸਮ ਦੇ ਮੱਦੇਨਜ਼ਰ ਕਣਕ ਦੀ ਫ਼ਸਲ ਦੀ ਆਮਦ ਹਫ਼ਤਾ ਪੱਛੜ ਸਕਦੀ ਹੈ।

ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ 7 ਅਪਰੈਲ ਦੇ ਆਸ-ਪਾਸ ਸਮੁੱਚੇ ਪੰਜਾਬ ’ਚ ਫ਼ਸਲ ਆਉਣੀ ਸ਼ੁਰੂ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ 122 ਲੱਖ ਮੀਟਰਿਕ ਟਨ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ।

ਪੰਜਾਬ ਸਰਕਾਰ ਨੇ ਐਤਕੀਂ ਕਣਕ ਦੀ ਮੰਡੀਆਂ ’ਚੋਂ ਸਿੱਧੀ ਚੁਕਾਈ ਲਈ 850 ਗੱਡੀਆਂ ਦੀ ਮੰਗ ਕੇਂਦਰ ਤੋਂ ਕੀਤੀ ਹੈ। ਪਿਛਲੇ ਸਾਲ ਪੰਜਾਬ ਦੇ ਖ਼ਰੀਦ ਕੇਂਦਰਾਂ ’ਚੋਂ 21 ਲੱਖ ਮੀਟਰਿਕ ਟਨ ਫ਼ਸਲ ਦੀ ਸਿੱਧੀ ਚੁਕਾਈ ਕੇਂਦਰ ਸਰਕਾਰ ਨੇ ਕੀਤੀ ਸੀ ਜਿਸ ਨਾਲ ਕੇਂਦਰ ਦੇ ਖ਼ਰਚੇ ਬਚਦੇ ਹਨ ਅਤੇ ਮੰਡੀਆਂ ’ਚ ਫ਼ਸਲ ਦੇ ਅੰਬਾਰ ਵੀ ਨਹੀਂ ਲੱਗਦੇ।

Share: