ਅਪਰੈਲ ਤੋਂ ਜੂਨ ਦੌਰਾਨ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਰਹੇਗਾ ਲੂ ਦਾ ਕਹਿਰ

ਅਪਰੈਲ ਤੋਂ ਜੂਨ ਦੌਰਾਨ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਰਹੇਗਾ ਲੂ ਦਾ ਕਹਿਰ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਪਰੈਲ ਤੋਂ ਜੂਨ ਦੌਰਾਨ ਆਮ ਨਾਲੋਂ ਵੱਧ ਲੂ (ਹੀਟਵੇਵ) ਵਾਲੇ ਦਿਨਾਂ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਖੇਤਰਾਂ ਵਿੱਚ ਪੰਜਾਬ, ਗੁਜਰਾਤ, ਹਰਿਆਣਾ, ਰਾਜਸਥਾਨ , ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤੱਟਵਰਤੀ ਤਾਮਿਲਨਾਡੂ ਅਤੇ ਕਰਨਾਟਕ ਦੇ ਉੱਤਰੀ ਹਿੱਸੇ ਸ਼ਾਮਲ ਹਨ।

ਅਪਰੈਲ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਆਮ ਜਾਂ ਆਮ ਨਾਲੋਂ ਵੱਧ ਪੈਣ ਦੀ ਉਮੀਦ ਹੈ ਜਦਕਿ ਉੱਤਰ-ਪੂਰਬ ਵਿੱਚ ਆਮ ਨਾਲੋਂ ਘੱਟ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਜਾਂ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਮੌਮਸ ਵਿਭਾਗ ਨੇ ਦੱਸਿਆ ਕਿ ਮਾਰਚ ਦੌਰਾਨ ਦੇਸ਼ ਵਿੱਚ ਮੀਂਹ 33.7 ਮਿਲੀਮੀਟਰ ਦਰਜ ਕੀਤਾ ਗਿਆ ਸੀ, ਜੋ ਕਿ 2001 ਤੋਂ ਬਾਅਦ 10ਵੀਂ ਸਭ ਤੋਂ ਵੱਧ ਬਾਰਿਸ਼ ਹੈ।

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਪੂਰਬੀ, ਉੱਤਰ-ਪੂਰਬੀ, ਉੱਤਰ-ਪੱਛਮੀ ਅਤੇ ਦੱਖਣੀ ਭਾਰਤ ਵਿੱਚ ਵਧਦੀ ਗਰਮੀ ਫ਼ਸਲਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਵਿਭਾਗ ਮੁਤਾਬਕ ਮੱਕੀ, ਮੂੰਗੀ, ਮਾਂਹ ਅਤੇ ਸਬਜ਼ੀਆਂ (ਜਿਵੇਂ ਟਮਾਟਰ, ਮਿਰਚ ਅਤੇ ਬੈਂਗਣ) ਦੇ ਤਿਆਰ ਹੋਣ ਦੇ ਸਮੇਂ ਗਰਮੀ ਦਾ ਵੱਧ ਦਬਾਅ ਹੋਣ ਕਾਰਨ ਪੈਦਾਵਾਰ ਘਟਣ ਦਾ ਡਰ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਵਿੱਚੋਂ ਮਿੱਟੀ ਦੀ ਨਮੀ ਵੀ ਤੇਜ਼ੀ ਨਾਲ ਖ਼ਤਮ ਹੋ ਸਕਦੀ ਹੈ।

ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫ਼ਸਲਾਂ ਨੂੰ ਭਾਰੀ ਗਰਮੀ ਦੀ ਮਾਰ ਤੋਂ ਬਚਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਜਾਂ ਹੋਰ ਐਂਟੀ-ਟ੍ਰਾਂਸਪੀਰੈਂਟਸ (ਗਰਮੀ ਤੋਂ ਬਚਾਉਣ ਵਾਲੀਆਂ ਦਵਾਈਆਂ) ਦਾ ਪੱਤਿਆਂ ‘ਤੇ ਛਿੜਕਾਅ ਕੀਤਾ ਜਾਵੇ। ਇਸ ਨਾਲ ਫ਼ਸਲਾਂ ਨੂੰ ਗਰਮੀ ਦੇ ਦਬਾਅ ਨੂੰ ਸਹਿਣ ਵਿੱਚ ਮਦਦ ਮਿਲੇਗੀ।
Share: