ਪੰਜਾਬ ਵਿੱਚ ਮੀਂਹ ਤੇ ਗੜਿਆਂ ਨੇ ਫ਼ਸਲਾਂ ਵਿਛਾਈਆਂ

ਪੰਜਾਬ ਵਿੱਚ ਮੀਂਹ ਤੇ ਗੜਿਆਂ ਨੇ ਫ਼ਸਲਾਂ ਵਿਛਾਈਆਂ

ਡੱਬਵਾਲੀ/ਲੰਬੀ: ਪੰਜਾਬ-ਹਰਿਆਣਾ ਸਰਹੱਦ ’ਤੇ ਪੈਂਦੇ ਲੰਬੀ ਅਤੇ ਡੱਬਵਾਲੀ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਅੱਜ ਭਾਰੀ ਗੜੇਮਾਰੀ ਨੇ ਪੱਕ ਕੇ ਤਿਆਰ ਹੋਈ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜਾਣਕਾਰੀ ਮੁਤਾਬਕ ਲੰਬੀ ’ਚ ਫ਼ਸਲਾਂ ਦਾ 20 ਤੋਂ 35 ਫ਼ੀਸਦੀ ਨੁਕਸਾਨ ਹੋਇਆ ਹੈ। ਦੋਵਾਂ ਖੇਤਰਾਂ ਦੇ ਕਈ ਪਿੰਡਾਂ ਵਿੱਚ ਕਰੀਬ 20 ਮਿੰਟ ਪਏ ਗੜਿਆਂ ਨੇ ਲਾਲਬਾਈ, ਬੀਦੋਵਾਲੀ, ਚੰਨੂ, ਅਰਨੀਵਾਲਾ, ਫੁੱਲੂਖੇੜਾ, ਪੱਕੀ ਟਿੱਬੀ, ਗੁਰੂਸਰ ਯੋਧਾ, ਕਬਰਵਾਲਾ, ਅਸਪਾਲ, ਸਰਾਵਾਂ ਬੋਦਲਾ, ਬੋਦੀਵਾਲਾ ਖੜਕ ਸਿੰਘ, ਮਿੱਡਾ ਅਤੇ ਰਾਣੀਵਾਲਾ ਸਮੇਤ ਹੋਰਨਾਂ ਪਿੰਡਾਂ ਵਿੱਚ ਪੱਕੀਆਂ ਫ਼ਸਲਾਂ ਵਿਛਾ ਦਿੱਤੀਆਂ। ਇਸ ਕਾਰਨ ਅਗੇਤੀ ਤੇ ਪਛੇਤੀ ਕਣਕ ਨੂੰ ਵੱਡੀ ਮਾਰ ਪਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਪ੍ਰਭਾਵਿਤ ਪਿੰਡਾਂ ਵਿੱਚ ਕਰੀਬ 20 ਫ਼ੀਸਦੀ ਕਣਕ ਦੇ ਰਕਬੇ ਦਾ ਨੁਕਸਾਨ ਹੋਇਆ ਹੈ ਅਤੇ ਹੋਰ ਵਿਸਥਾਰਤ ਰਿਪੋਰਟਾਂ ਮੰਗੀਆਂ ਗਈਆਂ ਹਨ। ਇਸੇ ਤਰ੍ਹਾਂ ਹਰਿਆਣਾ ਦੇ ਡੱਬਵਾਲੀ ਹਲਕੇ ਵਿੱਚ ਗੜਿਆਂ ਕਾਰਨ ਜੋਗੇਵਾਲਾ, ਦੇਸੂਜੋਧਾ, ਪੰਨੀਵਾਲਾ ਰੁਲਦੂ, ਪਾਨਾ, ਨੀਲਿਆਂਵਾਲੀ, ਸਾਂਵਤਖੇੜਾ, ਬਨਵਾਲਾ, ਲੋਹਗੜ੍ਹ, ਜੰਡਵਾਲਾ ਬਿਸ਼ਨੋਈਆਂ, ਰਿਸਾਲਿਆਖੇੜਾ, ਪਿੰਡ ਡੱਬਵਾਲੀ, ਹੈਬੂਆਣਾ, ਮਸੀਤਾਂ, ਅਲੀਕਾਂ ਅਤੇ ਸ਼ੇਰਗੜ੍ਹ ਸਮੇਤ ਕਈ ਪਿੰਡਾਂ ਵਿੱਚ ਕਣਕ ਅਤੇ ਸਰ੍ਹੋਂ ਦੀਆਂ ਫ਼ਸਲਾਂ ਦਾ 15 ਤੋਂ 20 ਫ਼ੀਸਦੀ ਤੱਕ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪਿੰਡ ਜੋਗੇਵਾਲਾ ਦੇ ਕਿਸਾਨ ਆਗੂ ਸੰਤੋਖ ਸਿੰਘ ਨੇ ਦੱਸਿਆ ਕਿ ਭਾਰੀ ਗੜੇਮਾਰੀ ਨਾਲ ਖੇਤਰ ਵਿੱਚ ਕਣਕਾਂ ਵਿਛ ਗਈਆਂ ਹਨ ਅਤੇ ਕਈ ਥਾਵਾਂ ’ਤੇ 50 ਤੋਂ 60 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਅਗਲੇ ਡੇਢ ਹਫ਼ਤੇ ਵਿੱਚ ਕਣਕ ਵੱਢਣ ਦੀ ਤਿਆਰੀ ਸੀ ਪਰ ਅਚਨਚੇਤ ਪਈ ਇਸ ਮਾਰ ਨੇ ਸਾਰੀ ਉਮੀਦ ਮਿੱਟੀ ਵਿੱਚ ਮਿਲਾ ਦਿੱਤੀ ਹੈ। ਉਨ੍ਹਾਂ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੱਬਵਾਲੀ ਬਲਾਕ ਦੇ ਖੇਤੀਬਾੜੀ ਅਫਸਰ ਅਮਿਤ ਸ਼ਰਮਾ ਮੁਤਾਬਕ ਦੇਸੂਜੋਧਾ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਅਸਲ ਸਥਿਤੀ ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਮੌਸਮ ਦੇ ਬਦਲੇ ਮਿਜ਼ਾਜ ਤੋਂ ਕਿਸਾਨ ਫਿਕਰਮੰਦ

ਪੰਜਾਬ ਵਿੱਚ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਵਿਛੀਆਂ ਕਣਕਾਂ ਨੇ ਕਿਸਾਨ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਮੌਸਮ ਦੀ ਤਬਦੀਲੀ ਕਾਰਨ ਕਣਕ ਦੀ ਵਾਢੀ ਲਗਪਗ ਦੋ ਹਫ਼ਤਿਆਂ ਤੱਕ ਪੱਛੜ ਗਈ ਹੈ। ਖੇਤਾਂ ਵਿੱਚ ਵਿਛੀ ਕਣਕ ਦੀ ਫ਼ਸਲ ਦਾ ਅਸਰ ਝਾੜ ’ਤੇ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਹਾਲੇ ਵੀ ਪੰਜਾਬ ਦੇ ਮਾਲਵੇ ਖੇਤਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਭਵਿੱਖਬਾਣੀ ਕਾਰਨ ਕਿਸਾਨ ਡੂੰਘੀ ਚਿੰਤਾ ਵਿੱਚ ਹਨ। ਸਰ੍ਹੋਂ ਦੀ ਫ਼ਸਲ ਦਾ ਵੀ ਮਾਲਵਾ ਖਿੱਤੇ ਵਿੱਚ ਮੌਸਮ ਦੀ ਤਬਦੀਲੀ ਕਾਰਨ ਭਾਰੀ ਨੁਕਸਾਨ ਹੋ ਚੁੱਕਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਕੁਲਵਿੰਦਰ ਸਿੰਘ ਸੋਨੀ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਬਡਬਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਆਫਤ ਕਰਕੇ ਨੁਕਸਾਨੀਆਂ ਫ਼ਸਲਾਂ ਲਈ ਕਿਸਾਨਾਂ ਨੂੰ ਮੁਆਵਜ਼ੇ ਦਾ ਫੌਰੀ ਐਲਾਨ ਕੀਤਾ ਜਾਵੇ।

ਮੀਂਹ ਕਾਰਨ ਕਣਕ ਨੁਕਸਾਨੀ

ਤਾਰਨ ਤਾਰਨ ਅਤੇ ਸਰਹੱਦੀ ਖੇਤਰਾਂ ਵਿੱਚ ਅੱਜ ਸ਼ਾਮ ਪਏ ਭਾਰੀ ਮੀਂਹ ਨੇ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਖੇਮਕਰਨ, ਖਾਲੜਾ, ਭਿੱਖੀਵਿੰਡ, ਝਬਾਲ ਅਤੇ ਖਡੂਰ ਸਾਹਿਬ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਫ਼ਸਲ ਜ਼ਮੀਨ ’ਤੇ ਵਿਛ ਗਈ। ਕਿਸਾਨਾਂ ਅਨੁਸਾਰ ਪੱਕੀ ਹੋਈ ਕਣਕ ਦਾ ਨਾੜ ਟੁੱਟਣ ਕਾਰਨ ਝਾੜ ਘਟਣ ਦਾ ਖ਼ਦਸ਼ਾ ਹੈ। ਅਚਨਚੇਤ ਪਏ ਇਸ ਮੀਂਹ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ।

Share: