ਕੁਵੈਤੀ ਰਿਫਾਇਨਰੀ ’ਤੇ ਹਮਲੇ ਨਾਲ ਤੇਲ ਸੰਕਟ ਡੂੰਘਾ

ਦੁਬੲੀ: ਪੱਛਮੀ ਏਸ਼ੀਆ ’ਚ ਜੰਗ ਕਾਰਨ ਜਦੋਂ ਦੁਨੀਆ ਗੈਸ ਅਤੇ ਤੇਲ ਸੰਕਟ ਨਾਲ ਜੂਝ ਰਹੀ ਹੈ ਤਾਂ ਇਸ ਦੌਰਾਨ ਇਰਾਨ ਨੇ ਅੱਜ ਤੜਕੇ ਕੁਵੈਤ ਦੀ ਇਕ ਤੇਲ ਰਿਫਾੲਨਰੀ ’ਤੇ ਡਰੋਨ ਹਮਲਾ ਕਰ ਕੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਉਧਰ ਇਰਾਨ ਦੇ ਨਵੇਂ ਵਰ੍ਹੇ ਨਵਰੋਜ਼ ਮੌਕੇ ਇਜ਼ਰਾਈਲ ਨੇ ਕਈ ਹਵਾਈ ਹਮਲੇ ਕੀਤੇ। ਇਰਾਨੀ ਰੈਵੋਲਿਊਸ਼ਨਰੀ ਗਾਰਡ ਦਾ ਤਰਜਮਾਨ ਜਨਰਲ ਅਲੀ ਮੁਹੰਮਦ ਨਾਇਨੀ ਇਜ਼ਰਾਈਲ ਦੇ ਹਮਲੇ ’ਚ ਮਾਰਿਆ ਗਿਆ। ਯੇਰੂਸ਼ਲਮ ’ਚ ਵੀ ਜ਼ੋਰਦਾਰ ਧਮਾਕੇ ਸੁਣੇ ਗਏ। ਦੁਬਈ ਅਤੇ ਬਹਿਰੀਨ ਦੇ ਲੋਕ ਜਦੋਂ ਈਦ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਸਨ ਤਾਂ ਉਥੇ ਵੀ ਇਰਾਨ ਵੱਲੋਂ ਕਈ ਹਮਲੇ ਕੀਤੇ ਗਏ। ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਮੁਲਕ ਦੇ ਦੁਸ਼ਮਣਾਂ ਦੀ ਸੁਰੱਖਿਆ ਖੋਹ ਲਏ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿੱਟੀ ’ਚ ਰੋਲਣ ਦੀ ਲੋੜ ਹੈ। ਉਨ੍ਹਾਂ ਜੰਗ ਦੌਰਾਨ ਇਰਾਨੀ ਲੋਕਾਂ ਵੱਲੋਂ ਦਿਖਾਈ ਇਕਜੁੱਟਤਾ ਦੀ ਸ਼ਲਾਘਾ ਕੀਤੀ।

ਇਜ਼ਰਾਈਲ ਨੇ ਇਰਾਨ ਦੇ ਅਹਿਮ ਕੁਦਰਤੀ ਗੈਸ ਖੇਤਰਾਂ ’ਤੇ ਹੋਰ ਹਮਲੇ ਨਾ ਕਰਨ ਦਾ ਵਾਅਦਾ ਕੀਤਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਜਦੋਂ ਇਰਾਨ ਨੇ ਖਾੜੀ ਮੁਲਕਾਂ ’ਚ ਤੇਲ ਅਤੇ ਕੁਦਰਤੀ ਗੈਸ ਟਿਕਾਣਿਆਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਮਗਰੋਂ ਈਂਧਨ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਇਰਾਨ ਦੇ ਗੁਆਂਢੀ ਅਰਬ ਮੁਲਕਾਂ ਦੇ ਜੰਗ ’ਚ ਸਿੱਧੇ ਉਤਰਨ ਦਾ ਖਤਰਾ ਵਧ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਰਾਨ ਦੀ ਬੈਲਿਸਟਿਕ ਮਿਜ਼ਾਈਲ ਉਤਪਾਦਨ ਸਮਰੱਥਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਹ ਹਾਲੇ ਵੀ ਮਿਜ਼ਾਈਲਾਂ ਬਣਾ ਰਹੇ ਹਨ। ਕੁਵੈਤ ਨੇ ਕਿਹਾ ਕਿ ਉਸ ਦੀ ਮਿਨਾ ਅਲ-ਅਹਿਮਦੀ ਤੇਲ ਰਿਫਾਇਨਰੀ ’ਤੇ ਡਰੋਨਾਂ ਦੇ ਹਮਲੇ ਕਾਰਨ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਰਿਫਾਇਨਰੀ ’ਚੋਂ ਰੋਜ਼ਾਨਾ 730000 ਬੈਰਲ ਤੇਲ ਪ੍ਰੋਸੈੱਸ ਹੋ ਸਕਦਾ ਹੈ ਪਰ ਇਹ ਵੀਰਵਾਰ ਨੂੰ ਹੋਏ ਹਮਲੇ ਕਾਰਨ ਪਹਿਲਾਂ ਹੀ ਨੁਕਸਾਨੀ ਜਾ ਚੁੱਕੀ ਹੈ।

ਟਰੰਪ ਤੇ ਨੇਤਨਯਾਹੂ ਦੇ ਵੱਖੋ-ਵੱਖਰੇ ਸੁਰ

ਵਾਸ਼ਿੰਗਟਨ: ਇਜ਼ਰਾਈਲ ਵੱਲੋਂ ਇਰਾਨੀ ਗੈਸ ਖੇਤਰਾਂ ’ਤੇ ਹਮਲੇ ਦੇ ਫ਼ੈਸਲੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਮਤਭੇਦ ਪੈਦਾ ਹੋ ਗਏ ਹਨ। ਇਜ਼ਰਾਈਲ ਵੱਲੋਂ ਦੱਖਣੀ ਪਾਰਸ ਗੈਸ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਇਰਾਨ ਨੇ ਪੱਛਮੀ ਏਸ਼ਿਆਈ ਮੁਲਕਾਂ ਦੇ ਊਰਜਾ ਬੁਨਿਆਦੀ ਖੇਤਰਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਆਲਮੀ ਪੱਧਰ ’ਤੇ ਊਰਜਾ ਕੀਮਤਾਂ ’ਚ ਵਾਧੇ ਮਗਰੋਂ ਖਾੜੀ ਮੁਲਕਾਂ ਨੇ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਨੇਤਨਯਾਹੂ ਨੂੰ ਨੱਥ ਪਾਉਣ। ਦੋਵੇਂ ਆਗੂਆਂ ਵਿਚਾਲੇ ਪੈਦਾ ਹੋਈ ਅਸਹਿਮਤੀ ਕਾਰਨ ਜੰਗ ਦਾ ਰੁਖ਼ ਬਦਲ ਸਕਦਾ ਹੈ। ਟਰੰਪ ਨੇ ਜਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੁਨੀਆ ਦੇ ਸਭ ਤੋਂ ਵੱਡੇ ਗੈਸ ਖੇਤਰ ’ਤੇ ਇਜ਼ਰਾਈਲ ਦੇ ਹਮਲੇ ਨੂੰ ਨਾ ਸਹਿਮਤੀ ਦਿੱਤੀ ਅਤੇ ਨਾ ਹੀ ਪ੍ਰਵਾਨਗੀ। ਬਾਅਦ ’ਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਕੱਲਿਆਂ ਹੀ ਗੈਸ ਖੇਤਰ ’ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ਸੀ।

ਹਰਮੁਜ਼ ਜਲ ਮਾਰਗ ਨੇੜੇ ਮਰਚੈਂਟ ਨੇਵੀ ਕਪਤਾਨ ਦੀ ਮੌਤ

ਰਾਂਚੀ: ਹਰਮੁਜ਼ ਜਲ ਮਾਰਗ ਨੇੜੇ ਤੇਲ ਲੈ ਕੇ ਜਾ ਰਹੇ ਵਪਾਰਕ ਜਹਾਜ਼ ’ਤੇ ਸਵਾਰ ਕਪਤਾਨ ਰਾਕੇਸ਼ ਰੰਜਨ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਕੇਂਦਰ ਅਤੇ ਝਾਰਖੰਡ ਸਰਕਾਰ ਨੂੰ ਉਨ੍ਹਾਂ ਦੀ ਦੇਹ ਵਤਨ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਰਾਂਚੀ ਦੇ ਰਹਿਣ ਵਾਲੇ 43 ਸਾਲਾ ਰੰਜਨ ਨੇ 2 ਫਰਵਰੀ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਜਹਾਜ਼ ਏ ਐੱਸ ਪੀ ਅਵਾਨਾ-ਆਰ ਪੀ ਐੱਸ ਐੱਲ-172 ’ਤੇ ਜੁਆਇਨ ਕੀਤਾ ਸੀ। ਉਸ ਦੀ ਮੌਤ 18 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਖੇਤਰ ਵਿੱਚ ਆਵਾਜਾਈ ਰੁਕਣ ਕਰ ਕੇ ਇਹ ਜਹਾਜ਼ 28 ਫਰਵਰੀ ਤੋਂ ਹਰਮੁਜ਼ ਜਲ ਮਾਰਗ ਤੋਂ ਲਗਪਗ 14 ਨੌਟਿਕਲ ਮੀਲ ਦੂਰ ਫਸਿਆ ਹੋਇਆ ਸੀ। 

ਇਰਾਨ ਦੀ ਨਵੀਂ ਧਮਕੀ

ਇਰਾਨੀ ਫ਼ੌਜ ਦੇ ਤਰਜਮਾਨ ਜਨਰਲ ਅਬੁਲਫਜ਼ਲ ਸ਼ੇਕਾਰਚੀ ਨੇ ਚਿਤਾਵਨੀ ਦਿੱਤੀ ਕਿ ਤਹਿਰਾਨ ਦੇ ਦੁਸ਼ਮਣਾਂ ਲਈ ਹੁਣ ਪਾਰਕ, ਮਨੋਰੰਜਨ ਦੇ ਟਿਕਾਣੇ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਸੁਰੱਖਿਅਤ ਨਹੀਂ ਰਹਿਣਗੀਆਂ। ਇਸ ਧਮਕੀ ਨਾਲ ਖ਼ਤਰਾ ਪੈਦਾ ਹੋ ਗਿਆ ਹੈ ਕਿ ਇਰਾਨ ਦਬਾਅ ਦੀ ਰਣਨੀਤੀ ਤਹਿਤ ਪੱਛਮੀ ਏਸ਼ੀਆ ਤੋਂ ਬਾਹਰ ਦਹਿਸ਼ਤੀ ਹਮਲੇ ਕਰਵਾ ਸਕਦਾ ਹੈ। ਉਧਰ ਅਮਰੀਕਾ ਨੇ ਪੱਛਮੀ ਮੁਲਕਾਂ ’ਚ ਤਿੰਨ ਹੋਰ ਜੰਗੀ ਬੇੜੇ ਅਤੇ ਕਰੀਬ 2500 ਮਰੀਨਜ਼ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਟੋ ਮੈਂਬਰਾਂ ਨੂੰ ਕਾਇਰ ਕਰਾਰ ਦਿੰਦਿਆਂ ਕਿਹਾ ਕਿ ਨਾਟੋ ਸਿਰਫ਼ ਕਾਗਜ਼ੀ ਸ਼ੇਰ ਹੈ।

Share: