ਚੰਡੀਗਡ਼੍ਹ: ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਵਿੱਚ ਲਗਾਏ ਸਿਹਤ ਮਿੱਤਰ ਲਾਂਭੇ ਕਰ ਦਿੱਤੇ ਹਨ। ਇਹ ਸਿਹਤ ਮਿੱਤਰ ਆਮ ਲੋਕਾਂ ਦੀ ਸਿਹਤ ਕਾਰਡ ਬਣਾਉਣ ’ਚ ਮਦਦ ਕਰਦੇ ਸਨ। ਸਿਹਤ ਮਿੱਤਰ ਪਿਛਲੇ ਇੱਕ ਮਹੀਨੇ ਤੋਂ ਸਿਹਤ ਕਾਰਡ ਬਣਾਉਣ ਲਈ ਲੋਕਾਂ ਦੇ ਘਰ-ਘਰ ਜਾ ਰਹੇ ਸਨ। ਸੂਤਰਾਂ ਅਨੁਸਾਰ ਇਹ ਸਿਹਤ ਮਿੱਤਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਏ ਗਏ ਹਨ, ਜਿਸ ਕਰ ਕੇ ਦੂਸਰੀਆਂ ਧਿਰਾਂ ਨਾਲ ਜੁੜੇ ਲੋਕ ਸਿਹਤ ਕਾਰਡ ਬਣਾਉਣ ਸਮੇਂ ਝਿਜਕ ਮਹਿਸੂਸ ਕਰਦੇ ਸਨ। ਪੰਜਾਬ ਸਰਕਾਰ ਨੇ ਇਸ ਸਕੀਮ ਦੀ ਪ੍ਰਕਿਰਿਆ ’ਚੋਂ ਸਿਹਤ ਮਿੱਤਰ ਲਾਂਭੇ ਕਰ ਦਿੱਤੇ ਹਨ ਤਾਂ ਜੋ ਸਿਹਤ ਸਕੀਮ ਨੂੰ ਹਰ ਘਰ ਤੱਕ ਪੁੱਜਦਾ ਕੀਤਾ ਜਾ ਸਕੇ।
ਸੂਤਰਾਂ ਮੁਤਾਬਕ ਬਹੁਤੇ ਲੋਕ ਸਮਝਦੇ ਸਨ ਕਿ ਅਗਾਮੀ ਚੋਣਾਂ ਦੇ ਮੱਦੇਨਜ਼ਰ ‘ਆਪ’ ਇਨ੍ਹਾਂ ਸਿਹਤ ਮਿੱਤਰਾਂ ਨੂੰ ਭੇਜ ਕੇ ਲਾਮਬੰਦੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਪੱਧਰ ਦੇ ਵਿਅਕਤੀ ਹੀ ਕਾਮਨ ਸਰਵਿਸ ਸੈਂਟਰਾਂ ’ਚ ਤਾਇਨਾਤ ਕੀਤੇ ਗਏ ਹਨ ਜਿੱਥੋਂ ਕੋਈ ਵੀ ਸਿਹਤ ਕਾਰਡ ਬਣਾ ਸਕਦਾ ਹੈ। ਸ਼ਹਿਰੀ ਖੇਤਰਾਂ ’ਚ ਡਿਪਟੀ ਕਮਿਸ਼ਨਰ ਸਿਹਤ ਕਾਰਡਾਂ ਲਈ ਸਪੈਸ਼ਲ ਕੈਂਪ ਵੀ ਲਗਾ ਰਹੇ ਹਨ। ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ’ਤੇ ਸਿਹਤ ਸਕੀਮ ਤਹਿਤ ਸਾਰੇ ਸੂਚੀਬੱਧ ਹਸਪਤਾਲਾਂ ਦੀ ਸੂਚੀ ਵੀ ਉਪਲਬਧ ਕਰਵਾਈ ਜਾਣੀ ਹੈ ਤਾਂ ਜੋ ਮਰੀਜ਼ਾਂ ਨੂੰ ਹਸਪਤਾਲਾਂ ਬਾਰੇ ਪਤਾ ਲੱਗ ਸਕੇ। ਸਿਹਤ ਕਾਰਡ ਨੀਲੇ ਅਤੇ ਪੀਲੇ ਰੰਗ ’ਚ ਬਣੇ ਹੋਏ ਹਨ ਅਤੇ ਇਨ੍ਹਾਂ ਰੰਗਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਸਮੱਗਰੀ ’ਚ ਵਰਤਿਆ ਜਾਂਦਾ ਹੈ। ਸਿਹਤ ਕਾਰਡ ’ਤੇ ਕਿਸੇ ਵੀ ਨੇਤਾ ਦੀ ਤਸਵੀਰ ਨਹੀਂ ਹੈ। ਸੂਤਰਾਂ ਅਨੁਸਾਰ ਇਸ ਸਕੀਮ ਲਈ ਅੰਸ਼ਿਕ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਫੰਡ ਦਿੱਤਾ ਜਾਂਦਾ ਹੈ ਜੋ ਆਯੂਸ਼ਮਾਨ ਭਾਰਤ ਯੋਜਨਾ ਨੂੰ ਚਲਾਉਣ ਵਾਸਤੇ ਦਿੱਤਾ ਜਾਂਦਾ ਹੈ ਅਤੇ ਇਹ ਕਰੀਬ ਸਾਲਾਨਾ 150 ਕਰੋੜ ਰੁਪਏ ਹੈ। ਆਯੂਸ਼ਮਾਨ ਭਾਰਤ ਤਹਿਤ ਕਵਰ ਕੀਤੇ ਪਰਿਵਾਰਾਂ ਦਾ ਅੰਕੜਾ ਕਰੀਬ 20 ਲੱਖ ਦਾ ਹੈ ਜਦੋਂਕਿ ਸੂਬਾ ਸਰਕਾਰ ਇਸ ਤੋਂ ਇਲਾਵਾ 30 ਲੱਖ ਪਰਿਵਾਰਾਂ ਨੂੰ ਵਾਧੂ ਸਿਹਤ ਕਵਰ ਦੇ ਰਹੀ ਹੈ। ਪੰਜਾਬ ਸਰਕਾਰ ਅਗਲੇ ਬਜਟ ’ਚ ਇਸ ਸਕੀਮ ਤਹਿਤ 1200 ਕਰੋੜ ਰੁਪਏ ਦੀ ਰਕਮ ਰੱਖ ਸਕਦੀ ਹੈ। ਬੀਮਾ ਕੰਪਨੀ ਨੂੰ ਹਰੇਕ ਇੱਕ ਲੱਖ ਬੀਮਾ ਰਾਸ਼ੀ ਲਈ ਪ੍ਰਤੀ ਪਰਿਵਾਰ 1276 ਰੁਪਏ ਦਾ ਪ੍ਰੀਮੀਅਮ ਦਿੱਤਾ ਜਾ ਰਿਹਾ ਹੈ।
ਯੋਜਨਾ ਤਹਿਤ 10 ਲੱਖ ਲੋਕ ਰਜਿਸਟਰਡ
ਸੂਬਾ ਸਰਕਾਰ ਹੁਣ ਤੱਕ 10 ਲੱਖ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟਰਡ ਕਰ ਚੁੱਕੀ ਹੈ; ਟੀਚਾ ਤਿੰਨ ਕਰੋੜ ਲੋਕਾਂ ਨੂੰ ਰਜਿਸਟਰ ਕਰਨ ਦਾ ਹੈ। ਨੌਜਵਾਨ ਵਲੰਟੀਅਰ ਜਿਨ੍ਹਾਂ ਨੂੰ ਸਿਹਤ ਮਿੱਤਰ ਕਿਹਾ ਜਾਂਦਾ ਸੀ, ਆਮ ਲੋਕਾਂ ਦੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਕਾਰਡ ਲਈ ਕਾਮਨ ਸਰਵਿਸ ਸੈਂਟਰ ਆਉਣ ਲਈ ਪ੍ਰੇਰਦੇ ਸਨ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੰਦੇ ਸਨ।
