ਭਾਰਤ-ਅਮਰੀਕਾ ਵਪਾਰ ਗੱਲਬਾਤ ਪੱਛੜੀ

ਨਵੀਂ ਦਿੱਲੀ: ਭਾਰਤ ਨੇ ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲਮੀ ਟੈਰਿਫਾਂ ਬਾਰੇ ਫੈਸਲੇ ’ਤੇ ਰੋਕ ਲਾਏ ਜਾਣ ਮਗਰੋਂ ਬਣੀ ਬੇਯਕੀਨੀ ਦੇ ਚਲਦਿਆਂ ਤਜਵੀਜ਼ਤ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਕਾਨੂੰਨੀ ਪਹਿਲੂਆਂ ਨੂੰ ਅੰਤਿਮ ਰੂਪ ਦੇਣ ਲਈ ਵਪਾਰਕ ਵਫ਼ਦ ਵਾਸ਼ਿੰਗਟਨ ਭੇਜਣ ਦੀ ਯੋਜਨਾ ਟਾਲ ਦਿੱਤੀ ਹੈ। ਚੇਤੇ ਰਹੇ ਕਿ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਟਰੰਪ ਨੇ ਭਾਰਤ ਸਣੇ ਹੋਰਨਾਂ ਮੁਲਕਾਂ ਤੋਂ ਦਰਾਮਦ ਵਸਤਾਂ ’ਤੇ 15 ਫੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ।

ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰ ਨੇ ਕਿਹਾ, ‘‘ਵਪਾਰਕ ਵਫ਼ਦ ਦੀ ਫੇਰੀ ਅੱਗੇ ਪਾਉਣ ਦਾ ਫੈਸਲਾ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਦਰਮਿਆਨ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਹੈ। ਇਸ ਫੇਰੀ ਲਈ ਅਜੇ ਕੋਈ ਨਵੀਂ ਤਰੀਕ ਨਹੀਂ ਮਿੱਥੀ ਗਈ।’’ ਭਾਰਤੀ ਵਫ਼ਦ ਨੇ ਅੰਤਰਿਮ ਵਪਾਰ ਸਮਝੌਤੇ ਦੀਆਂ ਸ਼ਰਤਾਂ ਫਾਈਨਲ ਕਰਨ ਲਈ ਗੱਲਬਾਤ ਵਾਸਤੇ ਪਹਿਲਾਂ (ਅੱਜ) ਐਤਵਾਰ ਨੂੰ ਰਵਾਨਾ ਹੋਣਾ ਸੀ। ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਬੰਦ ਕੀਤੇ ਜਾਣ ਦੇ ਭਰੋਸੇ ਤੇ ਦੋਵਾਂ ਮੁਲਕਾਂ ਵਿੱਚ ਵਪਾਰ ਸਮਝੌਤੇ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ ਲੱਗਦੇ 25 ਫੀਸਦ ਵਾਧੂ ਟੈਕਸ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਕਰਾਰ ਤਹਿਤ ਅਮਰੀਕਾ ਨੇ ਭਾਰਤ ਤੋਂ ਦਰਾਮਦ ਵਸਤਾਂ ’ਤੇ 18 ਫੀਸਦ ਟੈਕਸ ਲਗਾਉਣਾ ਸੀ; ਵੱਟੇ ਵਿੱਚ ਭਾਰਤ ਨੇ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ 500 ਅਰਬ ਡਾਲਰ ਦੀਆਂ ਵਸਤਾਂ, ਜਿਨ੍ਹਾਂ ਵਿੱਚ ਊਰਜਾ ਸਪਲਾਈ, ਜਹਾਜ਼ ਤੇ ਕਲਪੁਰਜ਼ੇ, ਕੀਮਤਾਂ ਧਾਤਾਂ ਤੇ ਤਕਨਾਲੋਜੀ ਉਤਪਾਦ ਆਦਿ ਸ਼ਾਮਲ ਹਨ, ਖਰੀਦਣ ਦੀ ਸਹਿਮਤੀ ਦਿੱਤੀ ਸੀ।

Share: