ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼

ਅੰਮ੍ਰਿਤਸਰ: ਸਥਾਨਕ ਪੁਲੀਸ ਨੇ ਥਾਣਾ ਛੇਹਰਟਾ ਖੇਤਰ ਵਿੱਚੋਂ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇੱਥੋਂ 15 ਮਰੀਜ਼ਾਂ ਨੂੰ ਬਚਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਣਾ ਪ੍ਰਤਾਪ ਸਿੰਘ ਵਾਸੀ ਨਿਊ ਅੰਤਰਯਾਮੀ ਕਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਰੋਜ਼ ਐਵੇਨਿਊ ਕਾਲੇ ਘਣਪੁਰ, ਛੇਹਰਟਾ ਕੋਲ ਕਿਰਾਏ ਦੀ ਕੋਠੀ ਵਿੱਚ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨਸ਼ਾ ਛੁਡਾਉਣ ਦੀ ਆੜ ਵਿੱਚ ਮੋਟੀਆਂ ਰਕਮਾਂ ਵਸੂਲ ਰਹੇ ਸਨ।

ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਪੁਖਤਾ ਇਤਲਾਹ ਮਿਲੀ ਸੀ ਕਿ ਸਰਬਜੀਤ ਸਿੰਘ ਉਰਫ਼ ਸੰਨੀ, ਹਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਰਾਣਾ ਪ੍ਰਤਾਪ ਸਿੰਘ ਸਾਰੇ ਮਿਲ ਕੇ ਕਿਰਾਏ ਦੀ ਕੋਠੀ ਵਿੱਚ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਨ। ਉਸ ਕੇਂਦਰ ਵਿੱਚ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੀ ਆੜ ਹੇਠ ਦਾਖ਼ਲ ਕਰ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲਦੇ ਹਨ ਅਤੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਨਸ਼ਾ ਛੱਡ ਵੀ ਜਾਣ ਤਾਂ ਵੀ ਉਨ੍ਹਾਂ ਨੂੰ ਡਰਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਕੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਹਨ।

ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ ਗਈ। ਪੁਲੀਸ ਨੇ ਜਦੋਂ ਇਸ ਸਥਾਨ ’ਤੇ ਛਾਪਾ ਮਾਰਿਆ ਤਾਂ ਉਥੋਂ ਰਾਣਾ ਪ੍ਰਤਾਪ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲੀਸ ਨੇ ਜਦੋਂ ਕਾਰਵਾਈ ਕੀਤੀ ਤਾਂ ਇਸ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਉਸ ਵੇਲੇ ਕੋਈ ਵੀ ਡਾਕਟਰੀ ਸਹੂਲਤ ਜਾਂ ਕੋਈ ਡਾਕਟਰ ਮੌਜੂਦ ਨਹੀਂ ਸੀ ਅਤੇ ਨਾ ਹੀ ਇਸ ਕੇਂਦਰ ਵਿੱਚ ਮਰੀਜ਼ ਰੱਖਣ ਦੀ ਕੋਈ ਵਿਵਸਥਾ ਸੀ।

ਉਨ੍ਹਾਂ ਦੱਸਿਆ ਕਿ ਤੁਰੰਤ ਸਿਵਲ ਸਰਜਨ ਨਾਲ ਸੰਪਰਕ ਕਰ ਕੇ ਡਾਕਟਰਾਂ ਅਤੇ ਐਂਬੂਲੈਂਸ ਬੁਲਾ ਕੇ 15 ਵਿਅਕਤੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਾਇਆ ਗਿਆ।

ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਵਿਅਕਤੀ ਰਾਣਾ ਪ੍ਰਤਾਪ ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਸਬੰਧੀ ਸਰਕਾਰ ਵੱਲੋਂ ਕੋਈ ਪ੍ਰਵਾਨਗੀ ਪੇਸ਼ ਨਹੀਂ ਕਰ ਸਕਿਆ। ਇਸ ਦੇ ਫ਼ਰਾਰ ਹੋ ਗਏ ਸਾਥੀਆਂ ਨੂੰ ਵੀ ਜਲਦੀ ਕਾਬੂ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਛੇਹਰਟਾ ਵਿੱਚ ਕੇਸ ਦਰਜ ਕੀਤਾ ਗਿਆ ਹੈ।

Share: