ਨਵੀਂ ਦਿੱਲੀ: ਓਲੰਪਿਕ ਵਿੱਚ ਦੋ ਵਾਰ ਕਾਂਸੇ ਦਾ ਤਗ਼ਮਾ ਜੇਤੂ ਮਨੂ ਭਾਕਰ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਈ। ਉਸ ਨੇ 25 ਮੀਟਰ ਪਿਸਟਲ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਰੋਮਾਂਚਕ ਸ਼ੂਟ-ਆਫ ਵਿੱਚ ਹਾਰਨ ਮਗਰੋਂ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਫਾਈਨਲ ਵਿੱਚ ਮਨੂ ਅਤੇ ਵੀਅਤਨਾਮ ਦੀ ਨਗੁਏਨ ਤੂਈ ਤ੍ਰਾਂਗ ਦਾ ਸਕੋਰ 35-35 ਸੀ, ਜਿਸ ਕਾਰਨ ਸ਼ੂਟ-ਆਫ ਹੋਇਆ, ਜਿਸ ਵਿੱਚ ਵੀਅਤਨਾਮੀ ਨਿਸ਼ਾਨੇਬਾਜ਼ ਨੇ ਬਾਜ਼ੀ ਮਾਰ ਲਈ। ਇਸੇ ਮੁਕਾਬਲੇ ਵਿੱਚ ਭਾਰਤ ਦੀ ਈਸ਼ਾ ਸਿੰਘ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਈਸ਼ਾ ਨੇ ਕੁਆਲੀਫਿਕੇਸ਼ਨ ਗੇੜ ਵਿੱਚ 589 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਸੀ, ਜਦਕਿ ਮਨੂ 584 ਅੰਕਾਂ ਨਾਲ ਦੂਜੇ ਨੰਬਰ ’ਤੇ ਸੀ। ਫਾਈਨਲ ਮੁਕਾਬਲੇ ਦੇ ਸ਼ੁਰੂ ਵਿੱਚ ਈਸ਼ਾ ਅੱਗੇ ਸੀ ਪਰ ਨੌਵੀਂ ਲੜੀ ’ਚ ਕੋਈ ਨਿਸ਼ਾਨਾ ਨਾ ਲੱਗਣ ਕਾਰਨ ਉਹ ਪਿੱਛੇ ਰਹਿ ਗਈ। ਟੀਮ ਈਵੈਂਟ ਵਿੱਚ ਈਸ਼ਾ, ਮਨੂ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ 1,751 ਦੇ ਕੁੱਲ ਸਕੋਰ ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। ਚੀਨੀ ਤਾਇਪੇ ਦੂਜੇ ਅਤੇ ਵੀਅਤਨਾਮ ਤੀਜੇ ਸਥਾਨ ’ਤੇ ਰਿਹਾ। ਜੂਨੀਅਰ ਵਰਗ ਦੇ 25 ਮੀਟਰ ਪਿਸਟਲ ਫਾਈਨਲ ’ਚ ਭਾਰਤ ਦੀ ਨਾਮਿਆ ਕਪੂਰ ਨੇ ਸੋਨ ਤਗ਼ਮਾ ਜਿੱਤਿਆ।
Posted inNew Delhi
ਏਸ਼ਿਆਈ ਚੈਂਪੀਅਨਸ਼ਿਪ ’ਚ ਮਨੂ ਨੇ ਚਾਂਦੀ ਦਾ ਤਗ਼ਮਾ ਜਿੱਤਿਆ

