ਨਾਭਾ : ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ ‘ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਅਨੇਕਾਂ ਹੀ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਭਵਾਨੀਗੜ੍ਹ ਰੋਡ ਤੇ ਜਿਥੇ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਵਿਆਹ ਸਮਾਗਮ ਤੋਂ ਖ਼ੁਸ਼ੀ-ਖ਼ੁਸ਼ੀ ਘਰ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇਨੋਵਾ ਕਾਰ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ। ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ। ਮ੍ਰਿਤਕਾਂ ਵਿੱਚ ਪਿਓ-ਪੁੱਤਰ ਅਤੇ ਇਕ ਔਰਤ ਸ਼ਾਮਲ ਹਨ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਹਰ ਕਿਸੇ ਦੇ ਵੇਖ ਕੇ ਰੌਂਗਟੇ ਖੜ੍ਹੇ ਹੋ ਜਾਣ।
ਨਾਭਾ ਭਵਾਨੀਗੜ੍ਹ ਰੋਡ ਨੇੜੇ ਨਵੀਂ ਜ਼ਿਲ੍ਹਾ ਜੇਲ੍ਹ ਦੇ ਕੋਲ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਜ਼ਬਰਦਸਤ ਸੜਕ ਹਾਦਸੇ ਵਿੱਚ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ। ਇਨੋਵਾ ਕਾਰ ਵਿੱਚ ਕੁੱਲ ਗਿਆਰਾਂ ਵਿਅਕਤੀ ਸਵਾਰ ਸਨ। ਜਿਨ੍ਹਾਂ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ।