ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਨਵੇਂ ਆਮਦਨ ਕਰ ਨਿਯਮਾਂ ਅਤੇ ਫਾਰਮਾਂ ਬਾਰੇ ਸਬੰਧਤ ਧਿਰਾਂ ਤੋਂ ਸੁਝਾਅ ਮੰਗੇ ਹਨ। ਨਵਾਂ ਆਮਦਨ ਕਰ ਕਾਨੂੰਨ-2025 ਪਹਿਲੀ ਅਪਰੈਲ ਤੋਂ ਲਾਗੂ ਹੋਵੇਗਾ। ਵਿਭਾਗ ਨੇ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਵਿਆਪਕ ਭਾਈਵਾਲੀ ਯਕੀਨੀ ਬਣਾਉਣ ਲਈ ‘ਤਜਵੀਜ਼ਸ਼ੁਦਾ ਆਮਦਨ ਕਰ ਨਿਯਮ-2026 ਅਤੇ ਸਬੰਧਤ ਫਾਰਮ ਨੋਟੀਫਿਕੇਸ਼ਨ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ www.incometaxindia.gov.in ’ਤੇ ਅਪਲੋਡ ਕਰ ਦਿੱਤੇ ਗਏ ਹਨ। ਡਾਇਰੈਕਟ ਟੈਕਸ ਬਾਰੇ ਕੇਂਦਰੀ ਬੋਰਡ ਨੇ ਵਿਆਪਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਚਾਰ ਵਰਗਾਂ ਵਿੱਚ ਸੁਝਾਅ ਮੰਗੇ ਹਨ। ਇਨ੍ਹਾਂ ਵਿੱਚ ਭਾਸ਼ਾ ਦਾ ਸਰਲੀਕਰਨ, ਮੁਕੱਦਮੇਬਾਜ਼ੀ ਘਟਾਉਣਾ, ਪਾਲਣਾ ਦਾ ਬੋਝ ਘੱਟ ਕਰਨਾ ਅਤੇ ਅਪ੍ਰਸੰਗਿਕ ਜਾਂ ਪੁਰਾਣੇ ਨਿਯਮਾਂ ਅਤੇ ਫਾਰਮਾਂ ਦੀ ਪਛਾਣ ਕਰਨਾ ਸ਼ਾਮਲ ਹੈ। ਸੁਝਾਅ ਲਈ ‘ਈ-ਫਾਈਲਿੰਗ’ ਪੋਰਟਲ ’ਤੇ ਲਿੰਕ ਜਾਰੀ ਕੀਤਾ ਗਿਆ ਹੈ, ਜੋ 4 ਫਰਵਰੀ 2026 ਤੋਂ ਕਾਰਜਸ਼ੀਲ ਹੈ। ਸਬੰਧਤ ਧਿਰਾਂ ਆਪਣੇ ਨਾਂ ਅਤੇ ਮੋਬਾਈਲ ਨੰਬਰ ਨਾਲ ਓ ਟੀ ਪੀ ਆਧਾਰਿਤ ਪ੍ਰਮਾਣੀਕਰਨ ਕਰ ਕੇ ਆਪਣੇ ਸੁਝਾਅ ਦੇ ਸਕਦੇ ਹਨ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਸੁਝਾਅ ਦੇੇਣ ਸਮੇਂ ਸਬੰਧਤ ਨਿਯਮ, ਉਪ ਨਿਯਮ ਜਾਂ ਫਾਰਮ ਨੰਬਰ ਦਾ ਸਪਸ਼ਟ ਜ਼ਿਕਰ ਕੀਤਾ ਜਾਵੇ। ਨਵਾਂ ਆਮਦਨ ਕਰ ਕਾਨੂੰਨ-2025 ਪਹਿਲੀ ਅਪਰੈਲ ਤੋਂ ਲਾਗੂ ਹੋਵੇਗਾ ਜੋ ਛੇ ਦਹਾਕੇ ਪੁਰਾਣੇ ਆਮਦਨ ਕਰ ਨਿਯਮ-1961 ਦੀ ਥਾਂ ਲਏਗਾ। ਮੌਜੂਦਾ ਆਮਦਨ ਕਰ ਨਿਯਮ-1962 ਵਿੱਚ 511 ਨਿਯਮ ਅਤੇ 399 ਫਾਰਮ ਹਨ, ਜਦੋਂ ਕਿ ਤਜਵੀਜ਼ਸ਼ੁਦਾ ਨਵੇਂ ਨਿਯਮਾਂ ਵਿੱਚ ਇਨ੍ਹਾਂ ਦੀ ਗਿਣਤੀ ਘਟਾ ਕੇ ਕ੍ਰਮਵਾਰ 333 ਨਿਯਮ ਅਤੇ 190 ਫਾਰਮ ਕੀਤੀ ਗਈ ਹੈ।
Posted inNews
