ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ’ਤੇ ਇੱਕ ਸੰਖੇਪ ਪੋਸਟ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ, ਇਸ ਗੱਲਬਾਤ ਦੇ ਵੇਰਵਿਆਂ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ, ਪਰ ਰਾਜਦੂਤ ਗੋਰ ਨੇ ਆਪਣੀ ਪੋਸਟ ਦੇ ਅੰਤ ਵਿੱਚ STAY TUNED (ਜੁੜੇ ਰਹੋ) ਲਿਖ ਕੇ ਵੱਡੇ ਸੰਕੇਤ ਦਿੱਤੇ ਹਨ।
ਦਿਲਚਸਪ ਗੱਲ ਇਹ ਹੈ ਕਿ ਇਹ ਗੱਲਬਾਤ ਉਸ ਦਿਨ ਹੋਈ ਹੈ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਪਣੇ ਤਿੰਨ ਦਿਨਾਂ ਅਧਿਕਾਰਤ ਦੌਰੇ ਲਈ ਵਾਸ਼ਿੰਗਟਨ ਪਹੁੰਚੇ ਹਨ। ਮਾਹਿਰਾਂ ਮੁਤਾਬਕ, ਟਰੰਪ ਅਤੇ ਮੋਦੀ ਵਿਚਾਲੇ ਹੋਈ ਇਹ ਸਿੱਧੀ ਗੱਲਬਾਤ ਭਾਰਤ-ਅਮਰੀਕਾ ਦੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਅਤੇ ਭਵਿੱਖ ਦੀਆਂ ਸਾਂਝੀਆਂ ਯੋਜਨਾਵਾਂ ’ਤੇ ਕੇਂਦਰਿਤ ਹੋ ਸਕਦੀ ਹੈ।

