ਚੰਡੀਗੜ੍ਹ: ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਪਤਨੀ ਦੀ ਮੌਤ ਦੀ ਜ਼ਿੰਮੇਵਾਰੀ ਤਾਂ ਕਬੂਲੀ ਹੈ ਪਰ ਕਤਲ ਤੋਂ ਇਨਕਾਰ ਕੀਤਾ ਹੈ। ਉਸ ਨੇ ਅਦਾਲਤ ਨੂੰ ਕਿਹਾ ਹੈ ਕਿ ਉਸ ਨੂੰ ਕਤਲ ਦੀ ਬਜਾਏ ਗੈਰਇਰਾਦਤਨ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਵਿਕਰਾਂਤ ਠਾਕੁਰ(42) ਐਡੀਲੇਡ ਮੈਜਿਸਟ੍ਰੇਟੀ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ, ਜਿੱਥੇ ਉਸ ਨੇ ਰਸਮੀ ਤੌਰ ‘ਤੇ ਆਪਣੀ ਪਤਨੀ ਸੁਪ੍ਰੀਆ ਠਾਕੁਰ ਦੀ ਮੌਤ ਦਾ ਕਾਰਨ ਬਣਨ ਦੀ ਗੱਲ ਕਬੂਲੀ। ਹਾਲਾਂਕਿ ਆਪਣੇ ਵਕੀਲ, ਜੇਮਜ਼ ਮਾਰਕਸ ਦੀ ਕਾਨੂੰਨੀ ਸਲਾਹ ਤੋਂ ਬਾਅਦ ਠਾਕੁਰ ਨੇ ਕਿਹਾ ਕਿ ਉਹ ਕਤਲ ਦਾ ਦੋਸ਼ੀ ਨਹੀਂ ਹੈ।
ਆਸਟਰੇਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਉਸ ਨੇ ਅਦਾਲਤ ਨੂੰ ਦੱਸਿਆ, “ਮੈਂ ਗੈਰ ਇਰਾਦਤਨ ਕਤਲ ਦੀ ਬੇਨਤੀ ਕਰਦਾ ਹਾਂ, ਪਰ ਕਤਲ ਲਈ ਦੋਸ਼ੀ ਨਹੀਂ ਹਾਂ।’’ ਇਸ ਮਾਮਲੇ ’ਤੇ ਹੁਣ ਅਪਰੈਲ ਵਿਚ ਸੁਣਵਾਈ ਹੋਵੇਗੀ, ਜਿਸ ਤੋਂ ਬਾਅਦ ਠਾਕੁਰ ਨੂੰ ਦੱਖਣੀ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਵਿੱਚ ਮੁਕੱਦਮੇ ਲਈ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਸਰਕਾਰੀ ਵਕੀਲ ਆਪਣੀ ਜਾਂਚ ਜਾਰੀ ਰੱਖ ਰਹੇ ਹਨ ਅਤੇ ਡੀਐਨਏ ਵਿਸ਼ਲੇਸ਼ਣ ਅਤੇ ਪੋਸਟਮਾਰਟਮ ਰਿਪੋਰਟ ਸਮੇਤ ਮੁੱਖ ਫੋਰੈਂਸਿਕ ਸਬੂਤਾਂ ਦੀ ਉਡੀਕ ਹੈ।
ਇਹ ਘਟਨਾ 21 ਦਸੰਬਰ ਨੂੰ ਐਡੀਲੇਡ ਦੇ ਉੱਤਰੀ ਉਪਨਗਰ, ਨੌਰਥਫੀਲਡ ਵਿੱਚ ਜੋੜੇ ਦੇ ਘਰ ਵਿੱਚ ਵਾਪਰੀ। ਰਾਤ 8.30 ਵਜੇ ਦੇ ਕਰੀਬ ਪੁਲੀਸ ਨੂੰ ਬੁਲਾਇਆ ਗਿਆ। ਜਦੋਂ ਪੁਲੀਸ ਪਹੁੰਚੀ ਤਾਂ ਸੁਪ੍ਰੀਆ ਠਾਕੁਰ ਬੇਹੋਸ਼ ਸੀ। ਸੀਪੀਆਰ ਰਾਹੀਂ ਉਸ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲੀਸ ਨੇ ਪੁਸ਼ਟੀ ਕੀਤੀ ਕਿ ਘਟਨਾ ਸਮੇਂ ਘਰ ਵਿੱਚ ਇੱਕ ਹੋਰ ਵਿਅਕਤੀ ਮੌਜੂਦ ਸੀ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ। ਤਫ਼ਤੀਸ਼ਕਾਰਾਂ ਨੇ ਜਾਂਚ ਵਜੋਂ ਵਿਕਰਾਂਤ ਅਤੇ ਸੁਪ੍ਰੀਆ ਠਾਕੁਰ ਦੋਵਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ। ਠਾਕੁਰ ਨੂੰ ਪਹਿਲਾਂ 22 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸਬੂਤ ਇਕੱਠੇ ਕਰਨ ਲਈ ਹੋਰ ਮੋਹਲਤ ਦੇਣ ਲਈ ਕਾਰਵਾਈ 16 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਦੋਸਤਾਂ ਮਿੱਤਰਾਂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਸਥਾਪਤ ਕੀਤੇ ਗਏ GoFundMe ਪੰਨੇ ਅਨੁਸਾਰ ਸੁਪ੍ਰੀਆ ਠਾਕੁਰ(36) ਆਪਣੇ ਦਿਆਲੂ ਸੁਭਾਅ ਤੇ ਦੂਜਿਆਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਸੀ। ਉਹ ਇੱਕ ਰਜਿਸਟਰਡ ਨਰਸ ਬਣਨ ਦੀ ਇੱਛੁਕ ਸੀ।

