ਬ੍ਰਿਸਬੇਨ: ਚੀਨ ਵੱਲੋਂ ਆਪਣੇ ਸਥਾਨਕ ਮੀਟ ਉਦਯੋਗ ਨੂੰ ਸੁਰੱਖਿਆ ਦੇਣ ਲਈ ਪਹਿਲੀ ਜਨਵਰੀ 2026 ਤੋਂ ਮੀਟ ਦੀ ਦਰਾਮਦ ’ਤੇ 55 ਫੀਸਦ ਦਾ ਵਾਧੂ ਸੁਰੱਖਿਆ ਟੈਰਿਫ (ਟੈਕਸ) ਲਗਾਉਣ ਦੇ ਫੈਸਲੇ ਨੇ ਆਸਟਰੇਲਿਆਈ ਮੀਟ ਉਦਯੋਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਕਦਮ ਕੁੱਲ 27 ਲੱਖ ਟਨ ਦੇ ਵਿਸ਼ਵ ਵਪਾਰ ਸੰਗਠਨ (ਡਬਲਿਊ ਟੀ ਓ) ਦੇ ਕੋਟੇ ਤੋਂ ਪਾਰ ਜਾਣ ਵਾਲੀਆਂ ਦਰਾਮਦਾਂ ’ਤੇ ਲਾਗੂ ਹੋਵੇਗਾ ਅਤੇ ਤਿੰਨ ਸਾਲਾਂ ਲਈ ਰਹੇਗਾ। ਚੀਨ ਨੇ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਦੇ ਮੀਟ ਸਬੰਧੀ ਹਿੱਸੇ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ।
ਆਸਟਰੇਲਿਆਈ ਮੀਟ ਇੰਡਸਟਰੀ ਕੌਂਸਲ (ਏ ਐੱਮ ਆਈ ਸੀ) ਨੇ ਇਸ ਨੂੰ ‘ਬਹੁਤ ਨਿਰਾਸ਼ਾਜਨਕ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਆਸਟਰੇਲੀਆ ਦੀ ਮੀਟ ਬਰਾਮਦ ਵਿੱਚ ਲਗਪਗ ਇੱਕ ਤਿਹਾਈ ਕਮੀ ਆ ਸਕਦੀ ਹੈ, ਜਿਸ ਨਾਲ ਸਾਲਾਨਾ ਇੱਕ ਅਰਬ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ। ਕੌਂਸਲ ਦੇ ਮੁਖੀ ਟਿਮ ਰਾਇਨ ਨੇ ਕਿਹਾ, “ਇਹ ਫ਼ੈਸਲਾ ਦੋਹਾਂ ਮੁਲਕਾਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਲਾਭਕਾਰੀ ਵਪਾਰਕ ਸਬੰਧਾਂ ਨੂੰ ਸਿੱਧੀ ਸੱਟ ਹੈ।” ਉੱਧਰ, ਚੀਨ ਦੇ ਵਣਜ ਮੰਤਰਾਲੇ ਮੁਤਾਬਕ, ਇਹ ਕਦਮ ਘਰੇਲੂ ਪਸ਼ੂ ਪਾਲਣ ਉਦਯੋਗ ਨੂੰ ਵੱਧ ਦਰਾਮਦਾਂ ਕਾਰਨ ਹੋ ਰਹੇ ਨੁਕਸਾਨ ਤੋਂ ਬਚਾਉਣ ਲਈ ਹੈ। 2026 ਲਈ ਆਸਟਰੇਲੀਆ ਨੂੰ ਲਗਪਗ 2,05,000 ਟਨ ਮੀਟ ਦਾ ਕੋਟਾ ਤੈਅ ਕੀਤਾ ਗਿਆ ਹੈ; 2025 ਵਿੱਚ ਪਹਿਲੇ 11 ਮਹੀਨਿਆਂ ਵਿੱਚ ਹੀ ਆਸਟਰੇਲੀਆ ਤੋਂ 2,95,000 ਟਨ ਤੋਂ ਵੱਧ ਮੀਟ ਚੀਨ ਨੂੰ ਬਰਾਮਦ ਕੀਤਾ ਗਿਆ ਸੀ। ਆਸਟਰੇਲਿਆਈ ਵਪਾਰ ਮੰਤਰੀ ਡੌਨ ਫੈਰਲ ਨੇ ਨਿਰਾਸ਼ਾ ਜਤਾਈ ਹੈ ਅਤੇ ਕਿਹਾ ਹੈ, ‘‘ਆਸਟਰੇਲਿਆਈ ਮੀਟ, ਚੀਨੀ ਉਦਯੋਗ ਲਈ ਕੋਈ ਖਤਰਾ ਨਹੀਂ ਹੈ। ਸਾਡੀ ਚੀਨ ਨਾਲ ਗੱਲਬਾਤ ਜਾਰੀ ਰਹੇਗੀ।’’ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਇਹ ‘ਵਿਆਪਕ ਕਦਮ’ ਹੈ ਅਤੇ ਇਹ ਵਿਸ਼ੇਸ਼ ਤੌਰ ’ਤੇ ਆਸਟਰੇਲੀਆ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ।