ਲਾਹੌਰ: ਪਾਕਿਸਤਾਨ ਹਾਕੀ ਟੀਮ ਵਿੱਚ ਤਨਖਾਹਾਂ ਅਤੇ ਭੱਤਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਕੁਝ ਸੀਨੀਅਰ ਖਿਡਾਰੀਆਂ ਨੇ ਫਰਵਰੀ ਵਿੱਚ ਹੋਣ ਵਾਲੀ ਐੱਫ ਆਈ ਐੱਚ ਪ੍ਰੋ ਲੀਗ ਦੇ ਦੂਜੇ ਗੇੜ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ। ਖਿਡਾਰੀਆਂ ਨੇ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਅਰਜਨਟੀਨਾ ਵਿੱਚ ਹੋਏ ਮੈਚਾਂ ਦੌਰਾਨ ਪੂਰਾ ਰੋਜ਼ਾਨਾ ਭੱਤਾ ਨਾ ਦੇਣ ਦਾ ਦੋਸ਼ ਲਾਇਆ ਹੈ। ਕੌਮੀ ਟੀਮ ਦੇ ਦੋ ਮੈਂਬਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ ਐੱਚ ਐੱਫ) ਨੂੰ ਸਪੱਸ਼ਟ ਸੁਨੇਹਾ ਭੇਜ ਦਿੱਤਾ ਗਿਆ ਹੈ ਕਿ ਜੇ ਵਿੱਤੀ ਮਸਲੇ ਹੱਲ ਨਾ ਹੋਏ ਤਾਂ ਕਈ ਖਿਡਾਰੀ ਅਗਲੇ ਮੈਚਾਂ ਲਈ ਉਪਲਬਧ ਨਹੀਂ ਹੋਣਗੇ। ਇੱਕ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਰਜਨਟੀਨਾ ਦੌਰੇ ਲਈ 30,000 ਰੁਪਏ (ਕਰੀਬ 110 ਡਾਲਰ) ਰੋਜ਼ਾਨਾ ਭੱਤਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਪਿਛਲੇ ਹਫਤੇ ਉਨ੍ਹਾਂ ਦੇ ਖਾਤਿਆਂ ਵਿੱਚ ਸਿਰਫ਼ 11,000 ਰੁਪਏ (ਕਰੀਬ 40 ਡਾਲਰ) ਦੇ ਹਿਸਾਬ ਨਾਲ ਪੈਸੇ ਆਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਸ ਮਹੀਨੇ ਅਰਜਨਟੀਨਾ ਵਿੱਚ ਚਾਰ ਮੈਚ ਖੇਡੇ ਸਨ ਅਤੇ ਸਾਰੇ ਹਾਰ ਗਏ ਸਨ। ਹੁਣ ਟੀਮ ਨੇ ਫਰਵਰੀ ਵਿੱਚ ਆਸਟਰੇਲੀਆ ਵਿੱਚ ਚਾਰ ਹੋਰ ਮੈਚ ਖੇਡਣੇ ਹਨ।
ਦੂਜੇ ਪਾਸੇ, ਪੀ ਐੱਚ ਐੱਫ ਦੇ ਸਕੱਤਰ ਰਾਣਾ ਮੁਜਾਹਿਦ ਨੇ ਕਿਹਾ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਭੱਤੇ ਪਾਕਿਸਤਾਨ ਸਪੋਰਟਸ ਬੋਰਡ (ਪੀ ਐੱਸ ਬੀ) ਵੱਲੋਂ ਭੇਜੇ ਗਏ ਹਨ।

