ਸਿਡਨੀ: ਸਿਡਨੀ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੁਲੀਸ ਤੇ ਅਤਿਵਾਦ ਨਾਲ ਟਾਕਰੇ ਬਾਰੇ ਮੰਤਰੀ ਯਾਸਮੀਨ ਕੈਟਲੀ ਨੇ ਦੱਸਿਆ ਕਿ ਸਿਡਨੀ ਵਿੱਚ ਦੇਸ਼-ਵਿਦੇਸ਼ ਤੋਂ ਕਰੀਬ 11 ਲੱਖ ਲੋਕਾਂ ਦੇ ਜੁੜਨ ਦੀ ਸੰਭਾਵਨਾ ਹੈ ਅਤੇ ਬੌਂਡੀ ਬੀਚ ਦੀ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵਧੇਰੇ ਚੌਕਸ ਹਨ। ਇਸੇ ਦੌਰਾਨ ਪੁਲੀਸ ਨੇ ਂ 6 ਮੁਲਜ਼ਮਾਂ ਨੂੰ ਭਾਰੀ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਹਨ। ਪੁਲੀਸ ਨੂੰ ਸ਼ੱਕ ਹੈ ਕਿ ਇਹ ਸੰਭਾਵੀ ਤੌਰ ’ਤੇ ‘ਭਾੜੇ ਦੇ ਕਾਤਲ’ ਸਨ। ਡਿਟੈਕਟਿਵ ਐਕਟਿੰਗ ਸੁਪਰਡੈਂਟ ਆਫ ਪੁਲੀਸ ਬ੍ਰੈਡ ਐਬਡੀ ਅਨੁਸਾਰ ਪੁਲੀਸ ਨੇ ਪੱਛਮੀ ਸਿਡਨੀ ਦੇ ਟੂੰਗਾਬੀ ਵਿੱਚ ਵਿੰਡਸਰ ਰੋਡ ’ਤੇ ਇੱਕ ਟੈਕਸੀ ਰੋਕੀ; ਇਸ ਦੌਰਾਨ ਦੋ ਜਣਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਦਬੋਚ ਲਿਆ ਗਿਆ। ਗੱਡੀ ’ਚੋਂ ਭਰੀਆਂ ਹੋਈਆਂ ਬੰਦੂਕਾਂ ਮਿਲੀਆਂ।
ਇਸੇ ਤਰ੍ਹਾਂ ਸਵੇਰੇ ਜਦੋਂ ਪੁਲੀਸ ਰਾਊਸ ਹਿੱਲ ਸਥਿਤ ਇੱਕ ਘਰ ਵਿੱਚ ਪਹੁੰਚੀ ਤਾਂ ਉੱਥੋਂ ਤਿੰਨ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਿੱਛਾ ਕਰ ਕੇ ਫੜ ਲਿਆ ਗਿਆ। ਛਾਪੇ ਦੌਰਾਨ ਘਰ ’ਚੋਂ ਵਾਹਨਾਂ ਦੀਆਂ ਚੋਰੀ ਕੀਤੀਆਂ ਨੰਬਰ ਪਲੇਟਾਂ, ਚੋਰੀ ਦੀਆਂ 4 ਕਾਰਾਂ, ਸੈਮੀ-ਆਟੋਮੈਟਿਕ ਬੰਦੂਕਾਂ, 1000 ਤੋਂ ਵੱਧ ਕਾਰਤੂਸ ਅਤੇ ਹੋਰ ਗੈ਼ਰ-ਕਾਨੂੰਨੀ ਸਮੱਗਰੀ ਬਰਾਮਦ ਹੋਈ ਹੈ। ਪੁਲੀਸ ਸੁਪਰਡੈਂਟ ਅਨੁਸਾਰ ਇਹ ਗੋਲਾ-ਬਾਰੂਦ ਕਿਸੇ ਵਾਰਦਾਤ ਲਈ ਵਰਤਿਆ ਜਾਣਾ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਰੁੱਪ ਅਪਰਾਧਿਕ ਸੰਗਠਨਾਂ ਨੇ ਤਿਆਰ ਕੀਤਾ ਸੀ।

